ਚਾਰਲੀ ਸਮਿੱਥ
ਅਭਿਨੇਤਾ, ਕਾਮੇਡੀਅਨ, ਅਤੇ ਕਹਾਣੀਕਾਰ ਰਾਹਤ ਸੈਣੀ ਦਾ ਕਹਿਣਾ ਹੈ ਕਿ ਉਸਦੀ ਜ਼ਿੰਦਗੀ ਦੇ ਉਦੇਸ਼ਾਂ ਵਿਚੋਂ ਇਕ ਧਰਤੀ ‘ਤੇ ਆਪਣੀ ਬਣਦੀ ਥਾਂ ਲੈਣੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਦੇਖਿਆ ਤੇ ਸੁਣਿਆ ਜਾਵੇ।
“ਕਿਉਂਕਿ ਰੱਬ ਜਾਣਦਾ ਹੈ, ਭੂਰੀ ਚਮੜੀ ਵਾਲੀਆਂ ਹੋਰ ਔਰਤਾਂ ਨੂੰ ਇਹ ਦੇਖਣ ਦੀ ਲੋੜ ਹੈ,” ਸੈਣੀ ਨੇ ਜ਼ੂਮ ਉੱਤੇ ਪੈਨਕੂਵਰ ਨੂੰ ਦੱਸਿਆ। “ਅਤੇ ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹ ਵੀ ਅਜਿਹਾ ਕਰ ਸਕਦੀਆਂ ਹਨ।”
25 ਸਾਲਾ ਯੂਨੀਵਰਸਿਟੀ ਆਫ਼ ਵਿਕਟੋਰੀਆ ਤੋਂ ਫਾਈਨ ਆਰਟਸ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਰਾਹਤ ਨੇ ਪਿੱਤਰਸੱਤਾ ਅਤੇ ਸਮਾਜਕ ਪੂਰਵ ਧਾਰਨਾਵਾਂ ‘ਤੇ ਵਿਅੰਗ ਕਰਨ ਲਈ TikTok ‘ਤੇ ਕਾਮੇਡੀ ਦੀ ਵਰਤੋਂ ਕੀਤੀ ਹੈ। ਇਹਨਾਂ ਵਿੱਚੋਂ ਇੱਕ ਵੀਡਿਓ ਵਿੱਚ, ਉਸਨੇ ਇਹ ਐਲਾਨ ਕਰਨਾ ਸ਼ੁਰੂ ਕੀਤਾ ਕਿ ਉਸਦਾ ਨਾਮ ਰਾਹਤ ਸੈਣੀ ਹੈ ਅਤੇ ਉਹ ਦੋ-ਲਿੰਗੀ (ਬਾਇਸੈਕਸੂਅਲ) ਪੰਜਾਬੀ ਕੁੜੀ ਹੈ।
ਸੈਣੀ ਨੇ ਅਜਿਹਾ ਕਿਉਂ ਕੀਤਾ? ਸਰੀ ਨਿਵਾਸੀ ਨੇ ਜਵਾਬ ਦਿੱਤਾ ਕਿ ਉਹ ਚਾਹੁੰਦੀ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਉਸਨੇ ਹਾਲ ਹੀ ਵਿੱਚ ਇੱਕ ਆਦਮੀ ਨੂੰ ਡੇਟ ਕਰਨਾ ਸ਼ੁਰੂ ਕੀਤਾ ਹੈ।
ਇਸ ਤੋਂ ਬਾਅਦ ਸੈਣੀ ਨੇ ਵੀਡੀਓ ‘ਚ ਕਿਹਾ ਕਿ ਉਸਦੀ ਮਾਂ ਬਹੁਤ ਖੁਸ਼ ਹੈ। ਨਤੀਜੇ ਵਜੋਂ, ਉਸ ਨੂੰ ਆਪਣੀ ਮੰਮੀ ਨੂੰ ਦੱਸਣਾ ਚਾਹੀਦਾ ਹੈ ਕਿ ਐਨੇ ਜਿਆਦਾ ਵੀ ਖੁਸ਼ ਨਾ ਹੋਵੋ ਕਿਉਂਕਿ ਉਨ੍ਹਾਂ ਦੀ ਧੀ ਹਾਲੇ ਵੀ ਦੋ-ਲਿੰਗੀ ਹੈ।
ਇਹ ਉਸਦੇ ਭਾਈਚਾਰੇ ਵਿਚ ਸਿਰਫ਼ ਵਿਰੋਧੀ ਲਿੰਗ ਵੱਲ ਖਿੱਚ ਦੀ ਪ੍ਰਚੱਲਤ ਧਾਰਨਾ ਉੱਪਰ ਮਜ਼ਾਕੀਆ ਟਿੱਪਣੀ ਹੈ।
ਸੈਣੀ ਦਾ ਕਹਿਣਾ ਹੈ ਕਿ ਉਹ ਭਾਰਤ ਅਤੇ ਭਾਰਤੀ ਡਾਇਸਪੋਰਾ ਦੇ ਲੋਕਾਂ ਵੱਲੋਂ ਇਸ ਵੀਡੀਓ ‘ਤੇ ਸਖ਼ਤ ਪ੍ਰਤੀਕਿਰਿਆ ਤੋਂ ਪ੍ਰੇਸ਼ਾਨ ਸੀ। ਕੁਝ ਲੋਕਾਂ ਨੇ ਇਸੇ ਕਾਰਨ ਕਰਕੇ ਉਸ ਨੂੰ ਸੋਸ਼ਲ ਮੀਡੀਆ ‘ਤੇ ‘ਫਾਲੋ’ ਕਰਨਾ ਵੀ ਸ਼ੁਰੂ ਕਰ ਦਿੱਤਾ ਕਿਉਂ ਕਿ ਉਸਨੇ ਕਿਹਾ ਸੀ ਕਿ ਉਹ ਦੋ-ਲਿੰਗੀ ਪੰਜਾਬੀ ਕੁੜੀ ਹੈ।
“ਅਜਿਹੇ ਲੋਕ ਵੀ ਹਨ, ਜਿਨ੍ਹਾਂ ਨੇ ਕਦੇ ਇੱਕ ਭੂਰੀ ਚਮੜੀ ਵਾਲੀ ਔਰਤ ਨੂੰ ਖੁੱਲ੍ਹੇਆਮ, ਉੱਚੀ ਆਵਾਜ਼ ਵਿੱਚ ਮਾਣ ਨਾਲ ਆਪਣੇ ਬਾਰੇ, ਆਪਣੀ ਸਮਲਿੰਗੀ ਪਛਾਣ ਬਾਰੇ, ਇਸ ਨਾਲ ਜੁੜੇ ਮੁੱਦਿਆਂ ਜਾਂ ਇਸਦੇ ਅਨੁਭਵ ਬਾਰੇ ਇਸ ਤਰੀਕੇ ਨਾਲ ਗੱਲ ਕਰਦੇ ਹੋਏ ਨਹੀਂ ਦੇਖਿਆ — ਇੱਥੋਂ ਤੱਕ ਕਿ ਮਜ਼ਾਕੀਆ ਲਹਿਜ਼ੇ ਵਿੱਚ ਵੀ ਨਹੀਂ,” ਸੈਣੀ ਕਹਿੰਦੀ ਹੈ। “ਇੱਥੇ ਇਸ ਤਰ੍ਹਾਂ ਦੇ ਬਹੁਤ ਲੋਕ ਹਨ, ਜਿਨ੍ਹਾਂ ਨੇ ਕਦੇ ਨਹੀਂ ਸੁਣਿਆ ਹੋਵੇਗਾ।”
ਉਹ ਇਸ ਨੂੰ ਬਦਲਣ ਦਾ ਟੀਚਾ ਰੱਖਦੀ ਹੈ।
when I told my family I’m bisexual there was a brief silence, followed by my 15 yo sister going “oh yeah, I already knew that” like damn Ratna lemme have my element of surprise
— rahottie✨ (@rahatsaini) October 12, 2021
ਜ਼ੀ ਜ਼ੀ ਥੀਏਟਰ ਨੇ ਸੈਣੀ ਲਈ ਪਾੜਾ ਭਰਿਆ
ਸੈਣੀ ਕੋਲ ਜ਼ੀ ਜ਼ੀ ਥੀਏਟਰ ਦੇ ਅਨਐਕਸਪੈਕਟਿੰਗ Unexpecting ਦੇ ਵਿਸ਼ਵ ਪ੍ਰੀਮੀਅਰ ਵਿੱਚ ਇੱਕ ਸਮਲਿੰਗੀ ਭੂਰੀ ਚਮੜੀ ਵਾਲੀ ਔਰਤ ਵਜੋਂ ਜਗ੍ਹਾ ਲੈਣ ਦਾ ਇੱਕ ਹੋਰ ਮੌਕਾ ਹੋਵੇਗਾ, ਜੋ ਕਿ 5 ਤੋਂ 21 ਮਈ ਤੱਕ ਸਟੂਡੀਓ 16 (1557 ਵੈਸਟ 7 ਐਵਨਿਊ) ਵਿੱਚ ਪੇਸ਼ ਕੀਤਾ ਜਾਵੇਗਾ।
ਬ੍ਰੌਨਵਿਨ ਕੈਰਾਡੀਨ ਦੁਆਰਾ ਲਿਖੇ ਅਤੇ ਕੈਮਰਨ ਮੈਕੇਂਜੀ ਦੁਆਰਾ ਨਿਰਦੇਸ਼ਤ, Unexpecting ਦੋ ਵਿਆਹੀਆਂ ਔਰਤਾਂ, ਐਨੀ ਅਤੇ ਜੋਸੇਫਿਨ ਬਾਰੇ ਹੈ, ਜੋ ਪਿਛਲੇ ਪੰਜ ਸਾਲਾਂ ਤੋਂ ਇੱਕ ਪਰਿਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਸੈਣੀ ਤੋਂ ਇਲਾਵਾ, ਕਲਾਕਾਰਾਂ ਵਿੱਚ ਐਲਿਜ਼ਾਬੈਥ ਬੈਰੇਟ, ਜੈਸਿਕਾ ਹੀਲੀ ਅਤੇ ਮੇਲਿਸਾ ਓਈ ਸ਼ਾਮਲ ਹਨ।
ਰਾਹਤ ਕਹਿੰਦੀ ਹੈ, “ਇਹ ਲਗਭਗ ਇਸ ਤਰ੍ਹਾਂ ਹੈ ਕਿ ਇਹ ਨਾਟਕ ਸੱਚਮੁੱਚ ਮੇਰੀ ਵਿਲੱਖਣ ਪਛਾਣ ਨੂੰ ਮਾਨਤਾ ਦੇ ਰਿਹਾ ਹੈ। “ਮੈਨੂੰ ਆਪਣੀ ਜ਼ਿੰਦਗੀ ਜਿਓਣ ਦਾ ਇੱਕ ਅਜੇਹਾ ਤਰੀਕਾ ਵੇਖਣ ਅਤੇ ਜੀਣ ਦਾ ਮੌਕਾ ਮਿਲ ਰਿਹਾ ਹੈ, ਜਿਹੜਾ ਕਿ ਸੱਚਮੁੱਚ ਹੋ ਸਕਦਾ ਹੈ – ਇੱਕ ਅਜਿਹਾ ਤਰੀਕਾ ਜਿਸ ਵਿੱਚ ਜ਼ਿੰਦਗੀ ਬਸਰ ਕਰਨ ਲਈ ਮੈਂ ਇੱਕ ਔਰਤ ਨਾਲ ਭਾਈਵਾਲੀ ਕੀਤੀ ਹੈ।”
ਜਿਹੜੇ ਹੋਰ ਨਾਟਕਾਂ ਵਿਚ ਉਸ ਨੇ ਭਾਗ ਲਿਆ, ਉਨ੍ਹਾਂ ਵਿਚ SEETHERED, 7 Stories, ਅਤੇ The Drowsy Chaperone ਸ਼ਾਮਲ ਹਨ। ਇਸ ਤੋਂ ਇਲਾਵਾ, ਸੈਣੀ ਨੇ ਹਾਲਮਾਰਕ ਦੀ ਦ ਜਰਨੀ ਅਹੇਡ, ਪਿਕਚਰ ਆਫ਼ ਹਰ, ਅਤੇ ਮੈਚ ਮੀ, ਪਲੀਜ਼, ਦੇ ਨਾਲ-ਨਾਲ ਅੰਡਰ ਦਾ ਬ੍ਰਿਜ ਅਤੇ ਬੂਟ ਕੈਂਪ ਵਰਗੀਆਂ ਫਿਲਮਾਂ ਅਤੇ ਟੀਵੀ ਪ੍ਰੋਡਕਸ਼ਨਾਂ ਵਿੱਚ ਕੰਮ ਕੀਤਾ ਹੈ। ਅਤੇ ਉਸਨੇ CBC ਕਾਮੇਡੀ ਦੇ NEXT UP ਮੁਕਾਬਲੇ ਵਿੱਚ ਫਾਈਨਲ ਵਿੱਚ ਥਾਂ ਬਣਾਈ।
ਸੈਣੀ ਅੱਗੇ ਕਹਿੰਦੀ ਹੈ, “ਮੈਂ ਇੱਕ ਟੈਲੀਵਿਜ਼ਨ ਲੜੀ ਦਾ ਪਹਿਲਾ ਐਪੀਸੋਡ ਬਣਾਇਆ ਹੈ, ਜਿਸ ਨੂੰ ਮੈਂ ਇੱਕ ਦਿਨ ਪੂਰਾ ਬਣਾਉਣ ਦਾ ਇਰਾਦਾ ਰੱਖਦੀ ਹਾਂ, ਜਿਸ ਲਈ ਮੈਂ ਬੇਕਰਾਰ ਹੈ।”
ਇਸ ਸ਼ੋਅ ਵਿੱਚ “ਕੇਂਦਰੀ ਕਿਰਦਾਰ ਭੂਰੀ ਚਮੜੀ ਵਾਲੀਆਂ ਔਰਤਾਂ ਦੇ” ਹਨ, ਉਹ ਕਹਿੰਦੀ ਹੈ। ਉਸਦਾ ਵਿਸ਼ਵਾਸ ਹੈ ਕਿ ਇਸ ਤਰ੍ਹਾਂ ਦੀਆਂ ਭੂਮਿਕਾਵਾਂ ਬਹੁਤੀਆਂ ਨਹੀਂ ਹਨ।

ਸੱਭਿਆਚਾਰ, ਨਸਲ ਅਤੇ ਲਿੰਗਕਤਾ ਨੂੰ ਆਪਸ ਵਿੱਚ ਜੋੜਨਾ
ਜ਼ੀ ਜ਼ੀ ਥੀਏਟਰ ਦੇ ਨਾਲ Unexpecting ਉਸਦਾ ਪਹਿਲਾ ਕੰਮ ਨਹੀਂ ਹੈ, ਜੋ ਕਿ LGBTQ2SI+ ਕਮਿਊਨਿਟੀਆਂ ‘ਤੇ ਕੇਂਦ੍ਰਿਤ ਵਿਭਿੰਨ ਕਹਾਣੀਆਂ ਸੁਣਾਉਂਦਾ ਹੈ। ਪਿਛਲੇ ਸਾਲ, ਇਸੇ ਕੰਪਨੀ ਨਾਲ ਸੈਣੀ ਨੇ Men Express Their Feelings ਵਿਚ ਕੰਮ ਕੀਤਾ। ਇਹ ਹਾਕੀ ਡਰੈਸਿੰਗ ਰੂਮ ਵਿੱਚ ਲਿੰਗ, ਲਿੰਗਕਤਾ ਅਤੇ ਪਛਾਣ ਦੀ ਪੜਚੋਲ ਕਰਨ ਵਾਲੀ ਸੰਨੀ ਡਰੇਕ ਦੁਆਰਾ ਲਿਖੀ ਕਾਮੇਡੀ ਹੈ।
ਸੈਣੀ ਦੱਸਦੀ ਹੈ, “ਮੈਂਨੂੰ ਲਗਦਾ ਹੈ ਕਿ ਇਹ ਬਹੁਤ ਹਸਾਉਣ ਵਾਲੀ, ਚੁਸਤ ਅਤੇ ਦਿਲ ਛੂਹਣ ਵਾਲੀ ਸੀ। “ਸੱਚੀਂ, ਇਸਦਾ ਮੇਰੇ ‘ਤੇ ਬਹੁਤ ਪ੍ਰਭਾਵ ਪਿਆ। ਇਸਦੇ ਕੇਂਦਰ ਵਿਚ ਇੱਕ ਨੌਜਵਾਨ ਸਮਲਿੰਗੀ ਭੂਰੀ ਚਮੜੀ ਵਾਲਾ ਮੁੰਡਾ ਹੈ।”
“ਮੈਂ ਆਪਣੇ ਪਰਿਵਾਰ ਨੂੰ ਇਹ ਦੇਖਣ ਆਉਣ ਅਤੇ ਹੋਰ ਦੱਖਣੀ ਏਸ਼ੀਆਈ ਲੋਕਾਂ ਨੂੰ ਨਾਲ ਲਿਆਉਣ ਲਈ ਉਤਸ਼ਾਹਿਤ ਸੀ,” ਉਹ ਅੱਗੇ ਕਹਿੰਦੀ ਹੈ। “ਕਿਉਂਕਿ ਮੈਨੂੰ ਲਗਦਾ ਹੈ ਕਿ ਕਹਾਣੀ ਸੁਣਾਉਣ ਵਿੱਚ ਇੱਕ ਅਸਲ ਪਾੜਾ ਹੈ – ਖਾਸ ਤੌਰ ‘ਤੇ ਸਮਲਿੰਗੀ ਕਹਾਣੀ ਸੁਣਾਉਣ ਬਾਰੇ – ਕਿਉਂ ਕਿ ਉਹ ਗੋਰਿਆਂ ਦੁਆਲੇ ਕੇਂਦਰਿਤ ਕਰਨ ਵੱਲ ਰੁਚਿਤ ਹੁੰਦੇ ਹਨ.”
ਸੈਣੀ ਨੂੰ Men Express Their Feelings ਵਰਗੀਆਂ ਕਹਾਣੀਆਂ ਆਪਣੇ ਵੱਲ ਖਿੱਚਦੀਆਂ ਹਨ, ਜਿਹੜੀਆਂ ਸੱਭਿਆਚਾਰ, ਨਸਲ ਅਤੇ ਲਿੰਗਕਤਾ ਦੇ ਵਖਰੇਵੇਂ ਦੀ ਗੱਲ ਕਰਦੀਆਂ ਹਨ।
“ਇਹ ਦੇਖਣਾ ਸੱਚਮੁੱਚ ਬਹੁਤ ਵਧੀਆ ਸੀ ਕਿ ਸਟੇਜ ‘ਤੇ ਮਾਪੇ-ਪੁੱਤਰ ਦੇ ਰਿਸ਼ਤੇ ਦੁਆਰਾ ਸੱਭਿਆਚਾਰਕ ਕਾਰਕ ਨੂੰ ਹੋਰ ਡੂੰਘਾਈ ਨਾਲ ਖੋਜਿਆ ਜਾ ਰਿਹਾ ਹੈ,” ਉਹ ਕਹਿੰਦੀ ਹੈ। “ਅਤੇ ਇਹ ਦੇਖਣਾ ਕਿ ਕਿਵੇਂ ਇੱਕ ਨੌਜਵਾਨ, ਜਿਹੜਾ ਆਪਣੇ ਆਪ ਨੂੰ ਖੋਜ ਰਿਹਾ ਹੈ ਪਰ ਇੱਕ ਸੱਭਿਆਚਾਰ ਦੇ ਵਿਰੋਧ ਦਾ ਸਾਹਮਣਾ ਕਰਦਾ ਹੈ, ਜਿਹੜਾ ਉਨ੍ਹਾਂ ਨੂੰ ਨਹੀਂ ਚਾਹੁੰਦਾ।”
ਬਾਲੀਵੁੱਡ ਪ੍ਰੇਰਨਾ
ਸੈਣੀ ਨੇ ਆਪਣੇ ਜੀਵਨ ਦੇ ਪਹਿਲੇ 13 ਸਾਲ ਰਾਜ ਦੀ ਰਾਜਧਾਨੀ ਚੰਡੀਗੜ੍ਹ ਦੇ ਨੇੜੇ ਪੰਜਾਬ ਦੇ ਇੱਕ ਸ਼ਹਿਰ ਮੋਹਾਲੀ ਵਿੱਚ ਬਿਤਾਏ। ਉਸ ਦਾ ਕਹਿਣਾ ਹੈ ਕਿ ਉਹ ਡੇਢ ਸਾਲ ਦੀ ਉਮਰ ਤੋਂ ਹੀ ਕਲਾਕਾਰ ਹੈ।
“ਮੈਂ ਗਾਉਣਾ ਉਦੋਂ ਸ਼ੁਰੂ ਕੀਤਾ ਜਦੋਂ ਮੇਰੀ ਮੰਮੀ ਮੇਰੇ ਡਾਇਪਰ ਬਦਲਦੀ ਸੀ,” ਸੈਣੀ ਦੱਸਦੀ ਹੈ। “ਮੈਂ ਮੁਸ਼ਕਿਲ ਨਾਲ ਗੱਲਾਂ ਕਰ ਸਕਦੀ ਸੀ ਅਤੇ ਮੈਂ ਇੱਕ ਪੂਰਾ ਬਾਲੀਵੁੱਡ ਗੀਤ ਗਾ ਲੈਂਦੀ ਸੀ।”
ਉੱਤਰੀ ਭਾਰਤ ਵਿੱਚ ਪੈਦਾ ਹੋਏ ਬਹੁਤ ਸਾਰੇ ਲੋਕਾਂ ਵਾਂਗ, ਉਸਨੇ ਬਚਪਨ ਤੋਂ ਹੀ ਬਾਲੀਵੁੱਡ ਨਾਲ ਪਿਆਰ ਪੈਦਾ ਕਰ ਲਿਆ। ਆਪਣੇ ਦੇਸ਼ ਵਿੱਚ ਉਸ ਦੀਆਂ ਦੋ ਮਨਪਸੰਦ ਅਦਾਕਾਰਾਂ ਰਾਣੀ ਮੁਖਰਜੀ ਅਤੇ ਕਾਜੋਲ ਸਨ। ਉਹ ਕਬੂਲਦੀ ਹੈ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਕਾਜੋਲ ਦੇ ਆਨ-ਸਕਰੀਨ ਪ੍ਰੇਮੀ, ਸ਼ਾਹਰੁਖ ਖਾਨ ਦੀ ਅਸਲ ਜ਼ਿੰਦਗੀ ਵਿਚ ਕਾਜੋਲ ਨਾਲ ਭਾਈਵਾਲੀ ਨਹੀਂ ਤਾਂ ਉਹ ਬਹੁਤ ਪਰੇਸ਼ਾਨ ਹੋਈ ਸੀ।
ਸੈਣੀ ਦੇ ਇਸ ਇਕਬਾਲ ਨੇ ਪੈਨਕੂਵਰ ਨੂੰ ਪੁੱਛਣ ਲਈ ਪ੍ਰੇਰਿਤ ਕੀਤਾ ਕਿ ਕੀ ਸੈਣੀ ਕਾਜੋਲ ਦੇ ਪਤੀ, ਅਜੇ ਦੇਵਗਨ ਨੂੰ ਪਸੰਦ ਕਰਦੀ ਹੈ, ਜਿਹੜਾ ਇੱਕ ਹੋਰ ਪ੍ਰਮੁੱਖ ਬਾਲੀਵੁੱਡ ਸਟਾਰ ਹੈ। “ਐਨਾ ਨਹੀਂ,” ਉਹ ਹੱਸ ਕੇ ਜਾਵਬ ਦਿੰਦੀ ਹੈ।
ਆਪਣੇ ਬਚਪਨ ਅਤੇ ਆਪਣੇ ਜਵਾਨੀ ਦੇ ਮੁੱਢਲੇ ਸਾਲਾਂ ਦੌਰਾਨ, ਸੈਣੀ ਨੂੰ ਅਕਸਰ ਸਟੇਜ ‘ਤੇ ਕੰਮ ਕਰਨ ਦੇ ਮੌਕੇ ਮਿਲਦੇ। ਅਤੇ ਕਿਉਂਕਿ ਉਹ ਇੱਕ ਸ਼ਹਿਰੀ ਮਾਹੌਲ ਵਿੱਚ ਵੱਡੀ ਹੋਈ ਸੀ, ਇਸ ਲਈ ਉਸ ਨੂੰ ਵੱਖਰੇ-ਵੱਖਰੇ ਲੋਕਾਂ ਨੂੰ ਦੇਖਣ ਦੇ ਮੌਕੇ ਮਿਲਦੇ।
ਉਸਦਾ ਕੈਨੇਡੀਅਨ ਸਕੂਲ ਦਾ ਪਹਿਲਾ ਤਜਰਬਾ ਉਸਦੇ ਪਰਿਵਾਰ ਦੇ ਪਰਵਾਸ ਤੋਂ ਬਾਅਦ ਗ੍ਰੇਡ 9 ਵਿੱਚ ਆਇਆ। ਸੈਣੀ ਨੇ ਹਲਕੇ ਮੂਡ ਨਾਲ ਮਜ਼ਾਕ ਕੀਤਾ ਕਿ “ਨਵੇਂ ਦੇਸ਼ ਵਿੱਚ ਇੱਕ ਵਿਅਕਤੀ ਬਣਨ ਦਾ ਇਹ ਇੱਕ ਸ਼ਾਨਦਾਰ ਸਮਾਂ ਸੀ”। ਅਸਲ ਵਿੱਚ, ਇਹ ਉਸ ਲਈ ਕਿਸ਼ੋਰ ਅਵਸਥਾ ਵਿੱਚ ਇੱਕ ਹੋਰ ਦੁਖਦਾਈ ਮੁੱਦਾ ਸੀ।
ਮਾਤਾ-ਪਿਤਾ ਨੂੰ ਰੱਬੀ ਦਾਤ ਵਜੋਂ ਦੇਖਣਾ
ਸੈਣੀ ਆਪਣੀ ਹਾਸਰਸ ਚੰਚਲਤਾ ਦੇ ਬਾਵਜੂਦ ਅਦਾਕਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ।
ਉਹ ਦੱਸਦੀ ਹੈ, “ਕਿਸੇ ਹੋਰ ਵਿਅਕਤੀ ਦੀਆਂ ਭਾਵਨਾਵਾਂ ਨੂੰ ਅੰਦਰੋਂ-ਬਾਹਰੋਂ ਪ੍ਰਗਟਾਉਣ ਦੇ ਯੋਗ ਹੋਣਾ ਕੁਝ ਖਾਸ ਹੁੰਦਾ ਹੈ – ਅਤੇ ਕਹਾਣੀ ਅਤੇ ਇਸ ਨੂੰ ਲਿਖਣ ਵਾਲੇ ਦੁਆਰਾ ਸਿਰਜੀ ਗਈ ਦੁਨੀਆ ਦਾ ਸਨਮਾਨ ਕਰਨਾ,” ਉਹ ਕਹਿੰਦੀ ਹੈ। “ਇਹ ਪਲਾਇਨ ਦਾ ਹਿੱਸਾ ਵੀ ਹੈ ਪਰ ਇਹ ਆਪਣੇ ਆਪ ਦੀ ਪਰਖ ਦਾ ਹਿੱਸਾ ਵੀ ਹੈ। ਇੱਕ ਅਭਿਨੇਤਾ ਦੇ ਤੌਰ ‘ਤੇ, ਤੁਹਾਨੂੰ ਅਸਲ ਵਿੱਚ ਆਪਣੇ ਆਪ ਨਾਲ ਤਾਲਮੇਲ ਰੱਖਣਾ ਪੈਂਦਾ ਹੈ।”
ਅਧਿਆਤਮਿਕਤਾ ਲਈ, ਸੈਣੀ ਦਾ ਕਹਿਣਾ ਹੈ ਕਿ ਉਹ ਸਿੱਖੀ ਦੇ ਬੁਨਿਆਦੀ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ, ਜਿਸ ਵਿੱਚ ਬਰਾਬਰਤਾ ਅਤੇ ਭਾਈਚਾਰੇ ਦੀ ਸੇਵਾ ‘ਤੇ ਜ਼ੋਰ ਦਿੱਤਾ ਜਾਂਦਾ ਹੈ। ਪਰ ਉਹ ਇਹ ਵੀ ਮੰਨਦੀ ਹੈ ਕਿ ਸਾਰੇ ਸੰਗਠਿਤ ਧਰਮਾਂ ਦੇ ਨਾਲ, ਚੀਜ਼ਾਂ ਕਈ ਵਾਰ ਗੜਬੜ ਹੋ ਜਾਂਦੀਆਂ ਹਨ ਜਦੋਂ ਲੋਕ ਅਤੇ ਪੈਸਾ ਸਮੀਕਰਨ ਦਾ ਹਿੱਸਾ ਬਣ ਜਾਂਦੇ ਹਨ।
“ਮੇਰਾ ਪਰਿਵਾਰ ਸਿੱਖ ਹੈ,” ਸੈਣੀ ਮੁਸਕਰਾ ਕੇ ਕਹਿੰਦੀ ਹੈ। “ਮੈਂ ਕਹਾਂਗੀ ਕਿ ਮੇਰਾ ਸਿੱਖੀ ਵੱਲ ਰੁਝਾਨ ਹੈ।”
ਉਹ ਵੱਖ-ਵੱਖ ਮੁੱਦਿਆਂ ‘ਤੇ ਬੋਲ ਸਕਣ ਦੇ ਸਵੈ-ਵਿਸ਼ਵਾਸ਼ ਦਾ ਸਿਹਰਾ ਆਪਣੇ ਮਾਪਿਆਂ ਨੂੰ ਦਿੰਦੀ ਹੈ। ਅਸਲ ਵਿੱਚ, ਸੈਣੀ ਉਹਨਾਂ ਨੂੰ “ਰੱਬ ਵੱਲੋਂ ਦਾਤ” ਵਜੋਂ ਲੈਂਦੀ ਹੈ – ਉਹਨਾਂ ਨੇ ਕਦੇ ਵੀ ਉਸ ਨੂੰ ਜਾਂ ਉਸਦੀਆਂ ਭੈਣਾਂ ਨੂੰ ਇਹ ਮਹਿਸੂਸ ਨਹੀਂ ਕਰਵਾਇਆ ਕਿ ਉਹਨਾਂ ਨੂੰ ਕੁੜੀਆਂ ਦੀ ਬਜਾਏ ਪੁੱਤਰ ਹੋਣਾ ਚਾਹੀਦਾ ਸੀ।
ਸੈਣੀ ਮਾਣ ਨਾਲ ਕਹਿੰਦੀ ਹੈ, “ਇਹੀ ਬੁਨਿਆਦੀ ਅੰਤਰ ਦੀ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹੋਰ ਭੂਰੀ ਚਮੜੀ ਵਾਲੀਆਂ ਔਰਤਾਂ ਦੇ ਮੁਕਾਬਲੇ ਮੈਂ ਦੁਨੀਆਂ ਵਿਚ ਵਿਚਰਦੀ ਹਾਂ। ਅਤੇ ਮੈਂ ਆਸਾਨੀ ਨਾਲ ਹੋਰ ਜਗ੍ਹਾ ਬਣਾ ਲਈ ਹੈ ਜਿਹੜੀ ਸਮੇਂ ਦਾ ਨਾਲ ਨਾਲ ਹੋਰ ਵਧੀ। ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਕਿ ਭੂਰੀ ਚਮੜੀ ਵਾਲੀਆਂ ਔਰਤਾਂ ਲਈ ਇਹ ਜਗ੍ਹਾ ਕਿੰਨੀ ਸੀਮਤ ਹੈ, ਜਿਸ ਨੂੰ ਲੈਣ ਲਈ ਉਨ੍ਹਾਂ ਨੂੰ ਇਜਾਜ਼ਤ ਹੈ।
ਉਹ ਮੰਨਦੀ ਹੈ ਕਿ ਉਸਦੇ ਵਿਚਾਰਾਂ ਨੂੰ ਬਿਆਨ ਕਰਨ ਦੀ ਉਸਦੀ ਇੱਛਾ ਦੇ ਨਤੀਜੇ ਵਜੋਂ ਉਹਨਾਂ ਲੋਕਾਂ ਤੋਂ ਪ੍ਰਤੀਕਿਰਿਆ ਹੋਈ ਹੈ ਜੋ ਦਾਅਵਾ ਕਰਦੇ ਹਨ ਕਿ ਉਸ ਦੇ ਬੋਲਣ ਦਾ ਤਰੀਕਾ ਨਿਰਾਦਰ ਭਰਿਆ ਹੈ।
ਸੈਣੀ ਕਹਿੰਦੀ ਹੈ, “ਇੱਥੇ ਬਹੁਤ ਸਾਰੇ ਲੋਕ ਹਨ ਜਿਹੜੇ ਕਹਿਣਗੇ ‘ਬਕਵਾਸ ਨਾ ਕਰੋ , ਆਪਣੀ ਜਗ੍ਹਾ ‘ਤੇ ਰਹੋ, ਜਗ੍ਹਾ ਨਾ ਲਓ, ਗੱਲ ਨਾ ਕਰੋ, ਚੁੱਪ ਰਹੋ ਹੋਵੋ, ਚਲੇ ਜਾਓ’।”
ਪਰ ਉਹ ਹਿੰਮਤ ਨਹੀਂ ਹਾਰੇਗੀ।

ਮਰਦਾਵੀਂ ਧੌਂਸ ਬਾਰੇ ਚੇਤਾਵਨੀ
ਸੈਣੀ ਨੌਜਵਾਨ ਪੰਜਾਬੀ ਮਰਦਾਂ ‘ਤੇ ਆਪਣੇ ਸੱਭਿਆਚਾਰ ਅੰਦਰਲੇ ਜ਼ਹਿਰੀਲੇ ਹਾਈਪਰਮਾਸਕਲਿਨਿਟੀ ਦੇ ਪ੍ਰਭਾਵ ਬਾਰੇ ਵੀ ਚਿੰਤਤ ਹੈ। ਅਤੇ ਉਹ ਸੁਝਾਅ ਦਿੰਦੀ ਹੈ ਕਿ ਇਹ ਕੁਝ ਨੌਜਵਾਨਾਂ ਦੇ ਅੰਦਰ ਭਾਵਨਾਤਮਕ ਵਿਕਾਸ ਜਾਂ ਕਿਸੇ ਕਿਸਮ ਦੀ ਸੰਵੇਦਨਸ਼ੀਲਤਾ ਦੇ ਵਿਕਾਸ ਦੇ ਰਾਹ ਵਿੱਚ ਆ ਸਕਦੀ ਹੈ।
ਸੈਣੀ ਕਹਿੰਦੀ ਹੈ, “ਤੁਸੀਂ ਜਾਣਦੇ ਹੋ, ਇੱਥੇ ਨੌਜਵਾਨ ਭੂਰੇ ਮੁੰਡੇ ਹਨ ਜੋ ਇਹਨਾਂ ਹਾਈਪਰਮਾਸਕਲਿਨ ਆਦਰਸ਼ਾਂ ਵਿੱਚ ਫਿੱਟ ਨਹੀਂ ਹੁੰਦੇ ਹਨ ਅਤੇ ਉਹ ਚਾਹੁੰਦੇ ਵੀ ਨਹੀਂ ਹਨ, ਅਤੇ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੈ ਕਿਉਂਕਿ ਕੋਈ ਹੋਰ ਰਸਤਾ ਨਹੀਂ ਹੈ। ਜਾਂ ਤਾਂ ਤੁਸੀਂ ਉਹ ਹੋਵੋ ਜਾਂ ਬੁਰੇ ਸਲੂਕ ਲਈ ਤਿਆਰ ਰਹੋ, ਜਾਂ ਆਪਣਾ ਮਜ਼ਾਕ ਉਡਵਾਉਣ ਲਈ ਤਿਆਰ ਰਹੋ ਤੇ ਲੜਕੀ ਕਹਾਉਣ ਲਈ।”
ਇਹ ਇੱਕ ਹੋਰ ਕਾਰਨ ਹੈ ਕਿ ਉਹ ਮਹਿਸੂਸ ਕਰਦੀ ਹੈ ਕਿ LGBTQ2SI+ ਥੀਏਟਰ ਅਤੇ ਸਕ੍ਰੀਨ ਪ੍ਰੋਡਕਸ਼ਨ ਵਿੱਚ ਦੱਖਣੀ ਏਸ਼ੀਆਈ ਲੋਕਾਂ ਨੂੰ ਸ਼ਾਮਲ ਕਰਨਾ ਬਹੁਤ ਮਹੱਤਵਪੂਰਨ ਹੈ।
ਸੈਣੀ ਕਹਿੰਦੀ ਹੈ, “ਜਦੋਂ ਅਸੀਂ ਆਪਣੇ ਆਲੇ ਦੁਆਲੇ ਸਮਲਿੰਗੀ ਕਹਾਣੀਆਂ ਵਿੱਚ ਮੌਜੂਦ ਨਹੀਂ ਹੁੰਦੇ, ਤਾਂ ਇਹ ਨੌਜਵਾਨ ਸਮਲਿੰਗੀ ਭੂਰੇ ਲੋਕਾਂ ਲਈ ਬਾਹਰ ਆਉਣ ਅਤੇ ਆਪਣੇ ਆਪ ਨੂੰ ਖੋਜਣਾ ਹੋਰ ਵੀ ਮੁਸ਼ਕਲ ਬਣਾਉਂਦਾ ਹੈ। ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਚੁੱਪ ਰਹਿਣਾ ਪਵੇਗਾ ਅਤੇ ਇਸ ਨੂੰ ਆਮ ਵਰਤਾਰੇ ਵਜੋਂ ਕਬੂਲ ਕਰਦੇ ਰਹਿਣਾ ਹੈ। ਅਤੇ ਇਹ ਵਰਤਾਰਾ ਬਹੁਤ ਸਾਰੇ ਲੋਕਾਂ ਲਈ ਅਸਲ ਵਿੱਚ ਨੁਕਸਾਨਦੇਹ ਹੋ ਸਕਦਾ ਹੈ। ਮੈਂ ਯਕੀਨੀ ਤੌਰ ‘ਤੇ ਇਹ ਖੁਦ ਮਹਿਸੂਸ ਕੀਤਾ ਹੈ। ”