ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਦੀ ਇਹ ਤਸਵੀਰ ਗੁਰਪ੍ਰੀਤ ਸਿੰਘ ਦੀ ਕਿਤਾਬ ਫਰਾਮ ਨਾਜ਼ਨੀਨ ਟੂ ਨੈਨਾ ਦੇ ਕਵਰ ‘ਤੇ ਨਜ਼ਰ ਆ ਰਹੀ ਹੈ। ਫੋਟੋ ਪੰਕਜ ਸ਼ਰਮਾ
“ਆਪਣੇ ਗੁਆਂਢੀਆਂ ਦਾ ਸਨਮਾਨ ਕਰਨ ਵਾਲੇ ਸੰਯੁਕਤ ਭਾਰਤ ਦੇ ਹਮਾਇਤੀ ਕੋਈ ਘੱਟ ਦੇਸ਼-ਪ੍ਰੇਮੀ ਨਹੀਂ ਹੁੰਦੇ।”
– ਲੇਖਕ ਗੁਰਪ੍ਰੀਤ ਸਿੰਘ
ਮੈਟਰੋ ਵੈਨਕੂਵਰ ਦੇ ਲੇਖਕ ਗੁਰਪ੍ਰੀਤ ਸਿੰਘ ਅਨੁਸਾਰ, ਮਸ਼ਹੂਰ ਬਾਲੀਵੁੱਡ ਹੀਰੋਇਨ ਕਰੀਨਾ ਕਪੂਰ ਖਾਨ ਸਿਰਫ਼ ਪਰਦੇ ਉਪਰ ਹੀ ਐਕਟੇਵਿਸਟ ਨਹੀਂ ਹੈ।
ਜਿਸ ਨੇ ਵੀ ਉਸਦੀ ਕਿਤਾਬ, ਨਾਜ਼ਨੀਨ ਤੋਂ ਨੈਨਾ: ਬਾਲੀਵੁੱਡ ਵਿੱਚ ਕਰੀਨਾ ਕਪੂਰ ਖਾਨ ਦੇ 20 ਸਾਲ ਅਤੇ ਭਾਰਤ ਤੇ ਬਾਕੀ ਦੁਨੀਆਂ ਲਈ ਇਸਦਾ ਕੀ ਅਰਥ ਹੈ(ਚੇਤਨਾ ਪ੍ਰਕਾਸ਼ਨ) ਪੜ੍ਹੀ ਹੈ, ਉਸ ਲਈ ਉਪਰੋਕਤ ਕਥਨ ਸਪੱਸ਼ਟ ਹੈ।
ਬਾਲੀਵੁੱਡ ਦੇ ਬਹੁਤ ਸਾਰੇ ਹਿੰਦੂ ਸਿਤਾਰਿਆਂ ਦੇ ਉਲਟ, ਜਿਹੜੇ ਦੇਸ਼ ਵਿੱਚ ਵਧ ਰਹੇ ਮੁਸਲਿਮ ਵਿਰੋਧੀ ਮੂਡ ਦੇ ਵਿਰੁੱਧ ਬੋਲਣ ਤੋਂ ਕੰਨੀ ਕਤਰਾਉਂਦੇ ਹਨ, ਕਪੂਰ ਖਾਨ, ਕਦੇ-ਕਦਾਈਂ, ਇਸ ਲਹਿਰ ਦੇ ਵਿਰੁੱਧ ਬੋਲੇ ਹਨ। ਇਸ ਲਈ, ਕੱਟੜਪੰਥੀ ਹਿੰਦੂਤਵੀ ਫ਼ਲਸਫ਼ੇ ਦੇ ਸਮਰਥਕਾਂ ਦੁਆਰਾ ਉਸਨੂੰ ਗਲਤ ਤਰੀਕੇ ਨਾਲ ਬਦਨਾਮ ਕੀਤਾ ਗਿਆ ਹੈ।
ਨਾਜ਼ਨੀਨ ਤੋਂ ਨੈਨਾ ਕਿਤਾਬ , ਜਿਹੜੀ ਹੁਣ ਐਮਾਜ਼ਾਨ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ, ਰੰਗੀਨ, ਤੇਜ਼, ਅਭਿਲਾਸ਼ੀ ਅਤੇ ਨਰਿੰਦਰ ਮੋਦੀ ਦੇ ਸ਼ਾਸਨ ਵਾਲੇ ਦੇਸ਼ ਵਿੱਚ ਮੁੰਬਈ ਦੇ ਮਹਾਨ ਅਦਾਕਾਰਾਂ ਵਿੱਚੋਂ ਇਕ ਦੇ ਸਿਆਸੀ ਤੌਰ ‘ਤੇ ਪ੍ਰਭਾਵ ਵਾਲੀ ਪ੍ਰੀਖਿਆ ਦੀ ਬਾਤ ਪਾਉਂਦੀ ਹੈ।
ਸਿਰਲੇਖ ਕਰੀਨਾ ਕਪੂਰ ਦੀਆਂ ਫ਼ਿਲਮਾਂ ਵਿਚ ਨਿਭਾਈਆਂ ਭੂਮਿਕਾਵਾਂ ਦੀ ਦੱਸ ਪਾਉਂਦਾ ਹੈ। ਉਸਦੀ ਪਹਿਲੀ ਫ਼ਿਲਮ ਰਫ਼ਿਊਜੀ, ਜਿਹੜੀ ਉਸ ਨੇ ਅਭਿਸ਼ੇਕ ਬੱਚਨ ਦੇ ਨਾਲ ਕੀਤੀ ਸੀ, ਵਿਚ ਉਸ ਨੇ ਨਾਜ਼ਨੀਨ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਬਿਹਾਰੀ ਮੁਸਲਮਾਨਾਂ ਨਾਲ ਨਾ ਸਿਰਫ਼ ਹਿੰਦੂਆਂ ਦੁਆਰਾ, ਸਗੋਂ ਗੁਆਂਢੀ ਪੱਛਮੀ ਬੰਗਾਲ ਅਤੇ ਪਾਕਿਸਤਾਨ ਵਿਚ ਆਪਣੇ ਸਾਥੀ ਮੁਸਲਮਾਨਾਂ ਦੁਆਰਾ ਵੀ ਦੁਰਵਿਵਹਾਰ ਕੀਤਾ ਗਿਆ ਸੀ। ਮੈਂ ਇਸ ਲੇਖ ਵਿੱਚ ਬਾਅਦ ਵਿੱਚ ਕਪੂਰ ਖਾਨ ਬਾਰੇ ਗੱਲ ਕਰਾਂਗਾ, ਉਸ ਤੋਂ ਪਹਿਲਾਂ ਇਸ ਪ੍ਰਸੰਗ ਨਾਲ ਸ਼ੁਰੂ ਕਰੀਏ।
ਮੋਦੀ ਨੇ ਭਾਰਤ ਨੂੰ ਬਦਲਿਆ
ਮੋਦੀ ਅਤੇ ਉਸਦੀ ਫ਼ਿਰਕਾਪ੍ਰਸਤ ਭਾਰਤੀ ਜਨਤਾ ਪਾਰਟੀ 2014 ਵਿੱਚ ਹੂੰਝਾ ਫੇਰ ਜਿੱਤ ਨਾਲ ਸੱਤਾ ਵਿੱਚ ਆਈ।
ਜਿਵੇਂ ਗੁਰਪ੍ਰੀਤ ਨੇ ਦਸਤਾਵੇਜ਼ ਕੀਤਾ ਹੈ ਕਿ , ਇਸ ਨੇ ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ (ਅਖੌਤੀ ਹਿੰਦੂ “ਅਛੂਤ”) ਨੂੰ ਪਿਛਲੀ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਮੁਕਾਬਲੇ ਘੱਟ ਸਵਾਗਤਯੋਗ ਮਹਿਸੂਸ ਕਰਵਾ ਕੇ ਦੇਸ਼ ਦੇ ਸੱਭਿਆਚਾਰਕ ਦ੍ਰਿਸ਼ ਨੂੰ ਬਦਲ ਦਿੱਤਾ। ਮੋਦੀ ਦੇ ਉਭਾਰ ਦੇ ਨਾਲ-ਨਾਲ ਮੁਸਲਮਾਨਾਂ ਅਤੇ ਇਸਾਈਆਂ ‘ਤੇ ਹਮਲਿਆਂ ਵਿਚ ਵਾਧਾ ਹੋਇਆ।
ਖਾਸ ਤੌਰ ‘ਤੇ, ਕੱਟੜਪੰਥੀ ਭੀੜਾਂ ਨੇ ਬੇਕਸੂਰ ਅਖੌਤੀ ਗਾਂ ਦਾ ਮਾਸ ਖਾਣ ਵਾਲਿਆਂ ‘ਤੇ ਹਮਲੇ ਕੀਤੇ, ਜਿਹੜੇ ਆਮ ਤੌਰ ‘ਤੇ ਮੁਸਲਮਾਨ ਹੀ ਹੁੰਦੇ ਸਨ।
ਇਸ ਤੋਂ ਇਲਾਵਾ, ਮੋਦੀ ਦੀ ਭਾਜਪਾ ਨੇ ਬਹੁਤ ਸਾਰੇ ਸਿੱਖਾਂ ਸਮੇਤ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਿਤ ਕਰਨ ਵਾਲਾ ਕਠੋਰ ਕਾਨੂੰਨ ਪੇਸ਼ ਕੀਤਾ, ਜਿਸਦੇ ਵਿਦਰੋਹ ਵਿਚ ਪ੍ਰਭਾਵਤ ਕਿਸਾਨਾਂ ਨੇ ਦੇਸ਼ ਦੀ ਰਾਜਧਾਨੀ ਵਿੱਚ ਇੱਕ ਸਾਲ ਲੰਬਾ ਧਰਨਾ ਲਾਇਆ।
ਇਸ ਦੌਰਾਨ, ਮੋਦੀ ਦੇ ਸਹਿਯੋਗੀ, ਅਮਿਤ ਸ਼ਾਹ ਨੇ ਦੇਸ਼ ਦੇ ਇਕੋ-ਇਕ ਮੁਸਲਿਮ ਬਹੁ-ਗਿਣਤੀ ਵਾਲੇ ਰਾਜ, ਕਸ਼ਮੀਰ ਅਤੇ ਜੰਮੂ ਲਈ ਵਿਸ਼ੇਸ਼ ਦਰਜਾ ਖੋਹਣ ਲਈ ਸੰਵਿਧਾਨ ਵਿੱਚ ਸੋਧ ਕੀਤੀ। ਸਰਕਾਰ ਨੇ ਗੁਆਂਢੀ ਦੇਸ਼ਾਂ ਤੋਂ ਭਾਰਤ ਆ ਕੇ ਵਸਣ ਦੇ ਚਾਹਵਾਨ ਮੁਸਲਿਮ ਸ਼ਰਨਾਰਥੀਆਂ ਨਾਲ ਵਿਤਕਰਾ ਕਰਨ ਵਾਲਾ ਇੱਕ ਹੋਰ ਕਾਨੂੰਨ ਪਾਸ ਕੀਤਾ ਹੈ। ਅਤੇ ਮੋਦੀ ਨੇ ਮੁਸਲਮਾਨਾਂ ਦੇ ਖਿਲਾਫ਼ ਅੱਤਵਾਦ ਦੇ ਦੋਸ਼ੀ ਹਿੰਦੂ ਕੱਟੜਪੰਥੀ ਉਮੀਦਵਾਰ ਦੀ ਉਮੀਦਵਾਰੀ ਦਾ ਸਮਰਥਨ ਕੀਤਾ।
“ਇਹ ਧਰਮ ਦੀ ਜਿੱਤ ਹੋਵੇਗੀ,” ਪ੍ਰਗਿਆ ਠਾਕੁਰ ਨੇ ਕਥਿਤ ਤੌਰ ‘ਤੇ 2019 ਦੀਆਂ ਚੋਣਾਂ ਦੀ ਰਾਤ ਨੂੰ ਕਿਹਾ ਸੀ।
ਅਸਲ ਵਿੱਚ, ਮੋਦੀ, ਸ਼ਾਹ, ਅਤੇ ਉਨ੍ਹਾਂ ਦੇ ਭਾਜਪਾ ਦੇ ਸਾਥੀਆਂ ਨੇ ਭਾਰਤੀ ਰਾਜ ਦੇ ਧਰਮ ਨਿਰਪੱਖ ਸੁਭਾਅ ਨੂੰ ਤੋੜਣ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ। ਧਰਮ ਨਿਰਪੱਖਤਾ, ਜਿਸ ਵਿੱਚ ਸਾਰੇ ਧਰਮਾਂ ਦੇ ਪੈਰੋਕਾਰਾਂ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ, ਇਹੀ ਮੋਹਨਦਾਸ ਕੇ. ਗਾਂਧੀ, ਬੀ. ਆਰ. ਅੰਬੇਦਕਰ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵਰਗੇ ਆਜ਼ਾਦੀ ਘੁਲਾਟੀਆਂ ਦੀ ਮਹਾਨ ਵਿਰਾਸਤ ਵਿੱਚੋਂ ਇੱਕ ਸੀ ।

ਗੁਰਪ੍ਰੀਤ ਸਿੰਘ ਚਾਹੁੰਦਾ ਹੈ ਕਿ ਲੋਕ ਭਾਰਤ ਵਿੱਚ ਵਧ ਰਹੀ ਅਸਹਿਣਸ਼ੀਲਤਾ ਦੇ ਵੱਡੇ ਸੰਦਰਭ ਵਿੱਚ ਕਰੀਨਾ ਕਪੂਰ ਖਾਨ ਦੀ ਜ਼ਿੰਦਗੀ ਨੂੰ ਦੇਖਣ।
ਸਿੰਘ ਧਰਮ ਨਿਰਪੱਖ ਭਾਰਤ ਦੀ ਪੈਰਵੀ ਕਰਦੇ ਹਨ
ਹਾਲ ਹੀ ਦੇ ਸਾਲਾਂ ਵਿੱਚ, ਸਿੰਘ ਨੇ ਕਈ ਪ੍ਰਕਾਸ਼ਨਾਂ ਵਿੱਚ ਆਪਣੀਆਂ ਲਿਖਤਾਂ ਰਾਹੀਂ ਭਾਜਪਾ ਦੇ ਅਸਲ ਏਜੰਡੇ ਨੂੰ ਬੇਨਕਾਬ ਕਰਨ ਲਈ ਕੈਨੇਡਾ ਵਿੱਚ ਇਸ ਕਾਰਜ ਦੀ ਅਗਵਾਈ ਕੀਤੀ ਹੈ। ਭਾਰਤ ਦੇ ਲਗਭਗ 200 ਮਿਲੀਅਨ ਮੁਸਲਮਾਨਾਂ ਬਾਰੇ ਇਸ ਮੁੱਦੇ ਦੀ ਗੰਭੀਰਤਾ ਦੇ ਬਾਵਜੂਦ, ਸਿੰਘ ਦੇ ਸ਼ਾਨਦਾਰ ਯਤਨ ਕੈਨੇਡੀਅਨ ਮੀਡੀਏ ਦੇ ਅੱਖੀਂ ਨਹੀਂ ਚੜ੍ਹੇ।
‘ਨਾਜ਼ਨੀਨ ਤੋਂ ਨੈਨਾ ਤੱਕ’ ਭਾਰਤ ਵਿੱਚ ਬਹੁਗਿਣਤੀਵਾਦ ਦੇ ਖਤਰਿਆਂ ਬਾਰੇ ਲੋਕਾਂ ਨੂੰ ਚੇਤਾਵਨੀ ਦੇਣ ਲਈ ਸਿੰਘ ਦਾ ਇੱਕ ਹੋਰ ਪ੍ਰਗਟਾਵਾ ਹੈ। ਕਪੂਰ ਖਾਨ ਵਿੱਚ, ਉਸਨੂੰ ਇੱਕ ਮਜ਼ਬੂਤ ਵਿਅਕਤੀ ਦਿਸਿਆ, ਜਿਸ ਦੁਆਰਾ ਜਨਤਾ ਨੂੰ ਇਹ ਕਹਾਣੀ ਸੁਣਾਈ ਜਾ ਸਕਦੀ ਹੈ।
ਭਾਰਤ ਫਿਲਮਾਂ ਨਾਲ ਜੁੜੇ ਮੁੱਢਲੇ ਪਰਿਵਾਰ-ਦ ਕਪੂਰਜ਼-ਦੀ ਇੱਕ ਵੰਸ਼ ਦੇ ਤੌਰ ‘ਤੇ ਉਹ ਸ਼ਾਇਦ ਬਹੁਤ ਸਨਮਾਨਤ ਜਾਪਦੀ ਹੈ। ਉਸਦੇ ਪੜਦਾਦਾ, ਪ੍ਰਿਥਵੀਰਾਜ ਕਪੂਰ, ਨੇ ਪ੍ਰਿਥਵੀ ਥੀਏਟਰ ਦੀ ਸਥਾਪਨਾ ਕੀਤੀ, ਜਿਸ ਨੇ ਪੂਰੇ ਭਾਰਤ ਵਿੱਚ ਸ਼ੋਅ ਕੀਤੇ। ਉਹ ਬਰਤਾਨਵੀ ਸ਼ਾਸਨ ਨਾਲ ਲੜਨ ਵਾਲਿਆਂ ਦੇ ਪੱਖ ਵਿੱਚ ਇੱਕ ਪ੍ਰਗਤੀਸ਼ੀਲ ਭਾਰਤੀ ਰਾਸ਼ਟਰਵਾਦੀ ਵੀ ਸੀ।
ਉਸਦੇ ਦਾਦਾ, ਰਾਜ ਕਪੂਰ ਨੇ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਅਦਾਕਾਰਾਂ ਅਤੇ ਫ਼ਿਲਮ ਨਿਰਮਾਤਾਵਾਂ ਵਿੱਚੋਂ ਇੱਕ ਵਜੋਂ ਵਿਸ਼ਵਵਿਆਪੀ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਦਾ ਚਾਚਾ ਰਿਸ਼ੀ ਇੱਕ ਹੋਰ ਮਸ਼ਹੂਰ ਅਦਾਕਾਰ ਸੀ, ਜਿਸ ਨੇ 2020 ਵਿੱਚ ਆਪਣੀ ਮੌਤ ਤੋਂ ਪਹਿਲਾਂ ਹਿੰਦੂ ਕੱਟੜਵਾਦ ਦੇ ਵਿਰੁੱਧ ਬੋਲਿਆ ਸੀ।
ਰਿਸ਼ੀ ਦਾ ਪੁੱਤਰ, ਰਣਬੀਰ ਕਪੂਰ, ਸ਼ਾਇਦ ਅੱਜ ਬਾਲੀਵੁੱਡ ਵਿੱਚ ਆਪਣੀ ਪੀੜ੍ਹੀ ਦਾ ਸਭ ਤੋਂ ਪ੍ਰਤਿਭਾਸ਼ਾਲੀ ਅਤੇ ਬਹੁਪੱਖੀ ਪੁਰਸ਼ ਅਭਿਨੇਤਾ ਹੈ।
ਜਿਵੇਂ ਕਿ ਸਿੰਘ ਆਪਣੀ ਕਿਤਾਬ ਵਿੱਚ ਦੱਸਦੇ ਹਨ, ਕਪੂਰ ਖਾਨ ਦੇ ਪਿਤਾ ਰਣਧੀਰ ਵੀ ਇੱਕ ਅਭਿਨੇਤਾ ਸਨ। ਉਹ 1988 ਵਿੱਚ ਆਪਣੀ ਪਤਨੀ ਬਬੀਤਾ, ਜੋ ਇੱਕ ਅਭਿਨੇਤਰੀ ਵੀ ਸੀ, ਤੋਂ ਅਲੱਗ ਹੋ ਗਿਆ । ਇਸਦਾ ਮਤਲਬ ਇਹ ਸੀ ਕਿ ਕਪੂਰ ਖਾਨ ਅਤੇ ਉਸਦੀ ਭੈਣ ਕਰਿਸ਼ਮਾ ( ਅਭਿਨੇਤਰੀ) ਦਾ ਪਾਲਣ ਪੋਸ਼ਣ ਜਿਆਦਾਤਰ ਇੱਕ ਮਾਂ ਦੁਆਰਾ ਕੀਤਾ ਗਿਆ ਸੀ। ਸਿੰਘ ਆਪਣੀ ਕਿਤਾਬ ਬਬੀਤਾ ਨੂੰ ਸਮਰਪਿਤ ਕਰਦਾ ਹੈ ਕਿ ਉਸ ਨੇ ਕਰੀਨਾ ਦਾ ਪਾਲਣ-ਪੋਸਣ ਇਸ ਤਰ੍ਹਾਂ ਕੀਤਾ ਕਿ ਉਹ ਮਜ਼ਬੂਤ, ਸੁਤੰਤਰ ਸੋਚ ਵਾਲੀ, ਅਤੇ ਵਧੀਆ ਫ਼ਿਲਮ ਸਟਾਰ ਬਣੀ।
ਕਿਉਂਕਿ ਕਰੀਨਾ ਨੇ ਇੱਕ ਮੁਸਲਮਾਨ ਫ਼ਿਲਮ ਅਭਿਨੇਤਾ ਸੈਫ਼ ਅਲੀ ਖਾਨ ਨਾਲ ਵਿਆਹ ਕੀਤਾ, ਇਸ ਲਈ ਕਪੂਰ ਖਾਨ ਹਿੰਦੂ ਕੱਟੜਪੰਥੀਆਂ ਦੇ ਸ਼ੱਕ ਦੇ ਘੇਰੇ ਵਿੱਚ ਆ ਗਈ। ਇਹ ਵਿਰੋਧ ਹੋਰ ਤੇਜ਼ ਹੋ ਗਿਆ, ਜਦੋਂ ਉਸਨੇ ਅਤੇ ਉਸਦੇ ਪਤੀ ਨੇ ਆਪਣੇ ਪਹਿਲੇ ਬੇਟੇ ਦਾ ਨਾਮ ਤੈਮੂਰ ਰੱਖਿਆ। ਸੰਯੋਗਵੱਸ ਇਹ ਕਿਸੇ ਮੁਗ਼ਲ ਬਾਦਸ਼ਾਹ ਦਾ ਨਾਂ ਸੀ।

ਗਲੈਮਰਸ ਕਰੀਨਾ ਕਪੂਰ ਖਾਨ ਦੀ ਇਹ ਤਸਵੀਰ ਡਾਂਸ ਇੰਡੀਆ ਡਾਂਸ ਦੇ ਇੱਕ ਐਪੀਸੋਡ ਲਈ ਲਈ ਗਈ ਸੀ। ਬਾਲੀਵੁੱਡ ਹੰਗਾਮਾ ਦੁਆਰਾ ਪ੍ਰਦਾਨ ਕੀਤੀ ਗਈ ਤਸਵੀਰ
ਨਫ਼ਰਤ ਦਾ ਘੇਰਾ
ਹਾਲਾਂਕਿ ਉਸਦੇ ਪਤੀ ਨੇ ਕਥਿਤ ਤੌਰ ‘ਤੇ ਹਿੰਦੂ ਕੱਟੜਪੰਥੀ ਹੰਗਾਮੇ ਤੋਂ ਬਾਅਦ ਲੜਕੇ ਦਾ ਨਾਮ ਬਦਲਣ ਬਾਰੇ ਵਿਚਾਰ ਕੀਤਾ ਪਰ ਕਪੂਰ ਖਾਨ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਕਿਤਾਬ ਵਿਚ ਦਰਜ ਹੈ ਕਿ ਉਸ ਨੇ ਕਿਹਾ, “ਤੈਮੂਰ ਦਾ ਮਤਲਬ ਹੈ ਲੋਹਾ, ਅਤੇ ਮੈਂ ਇੱਕ ਆਇਰਨਮੈਨ ਪੈਦਾ ਕਰਾਂਗੀ।” ਉਸ ਨੇ ਅੱਗੇ ਕਿਹਾ, “ਮੈਨੂੰ ਮਾਣ ਹੈ ਕਿ ਉਸਦਾ ਨਾਮ ਤੈਮੂਰ ਰੱਖਿਆ ਹੈ।”
ਕਪੂਰ ਖਾਨ 2018 ਵਿੱਚ ਇੱਕ ਮੰਦਰ ਦੇ ਅੰਦਰ ਹਿੰਦੂ ਕੱਟੜਪੰਥੀਆਂ ਦੇ ਇੱਕ ਗੈਂਗ ਦੁਆਰਾ ਬਲਾਤਕਾਰ ਕੀਤੀ ਅੱਠ ਸਾਲਾ ਮੁਸਲਿਮ ਬੱਚੀ ਆਸਿਫਾ ਬਾਨੋ ਲਈ ਵੀ ਜਨਤਕ ਤੌਰ ‘ਤੇ ਖੜ੍ਹੇ ਹੋਏ।
ਸਿੰਘ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਇਸ ਭਿਆਨਕ ਅਪਰਾਧ ਵਿੱਚ ਸ਼ਾਮਲ ਧਾਰਮਿਕ ਕੱਟੜਪੰਥੀ ਸਥਾਨਕ ਮੁਸਲਮਾਨਾਂ ਨੂੰ ਡਰਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੂੰ ਭੱਜਣ ਲਈ ਮਜ਼ਬੂਰ ਕਰਨਾ ਚਾਹੁੰਦੇ ਸਨ।” “ਉਨ੍ਹਾਂ ਨੇ ਬਕਰਵਾਲ ਮੁਸਲਿਮ ਭਾਈਚਾਰੇ ਤੋਂ ਬਦਲਾ ਲੈਣ ਲਈ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਿਆ।”
ਸਿੰਘ ਰਾਜਨੀਤੀ ਦੇ ਨਾਲ-ਨਾਲ, ਕਪੂਰ ਖਾਨ ਦੀਆਂ ਫ਼ਿਲਮਾਂ ਦੇ ਦਿਲਚਸਪ ਅਤੇ ਜਾਣਕਾਰੀ ਭਰਪੂਰ ਸਾਰ ਪੇਸ਼ ਕਰਦਾ ਹੈ। ਉਹ ਇਸ ਗੱਲ ‘ਤੇ ਰੌਸ਼ਨੀ ਪਾਉਂਦਾ ਹੈ ਕਿ ਕਿਵੇਂ ਕਰੀਨਾ ਦੁਆਰਾ ਨਿਭਾਈਆਂ ਭੂਮਿਕਾਵਾਂ ਨੇ ਧਾਰਮਿਕ ਫਿਰਕਾਪ੍ਰਸਤੀ ਦੇ ਭਿਆਨਕ ਨਤੀਜਿਆਂ ਅਤੇ ਇਸ ਦੇ ਵਿਰੋਧ ਵਿਚ ਖੜ੍ਹੇ ਲੋਕਾਂ ਦੀ ਹਿੰਮਤ ਨੂੰ ਦਰਸਾਇਆ ਹੈ।
ਇਹ ਅਫ਼ਸੋਸਨਾਕ ਹੈ ਕਿ ਸਿੰਘ ਨੇ ਆਮਿਰ ਖਾਨ ਨਾਲ ਕਰੀਨਾ ਦੀ ਹਾਲ ਹੀ ਵਿਚ ਰਿਲੀਜ਼ ਹੋਈ ਫ਼ਿਲਮ ਤੋਂ ਪਹਿਲਾਂ ਕਿਤਾਬ ਪੂਰੀ ਕਰ ਲਈ। ਇਸ ਫ਼ਿਲਮ ਨੇ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖਣ ਦੇ ਆਪਣੇ ਸੰਜੀਦਾ ਅਤੇ ਪ੍ਰਭਾਵਸ਼ਾਲੀ ਮੁੱਦੇ ਨਾਲ ਕੱਟੜਪੰਥੀਆਂ ਦੀ ਐਸੀ-ਤੈਸੀ ਕਰ ਦਿੱਤੀ।
ਪਰ ਇਹ ਫ਼ਿਲਮ ਸਿਨੇਮਾਘਰਾਂ ਵਿੱਚ ਪਹੁੰਚਣ ਤੋਂ ਪਹਿਲਾਂ, ਸਿੰਘ ਦਿਖਾਉਂਦੇ ਹਨ ਕਿ ਕਪੂਰ ਨੂੰ ਕੱਟੜਪੰਥੀਆਂ ਦੇ ਹੱਥੋਂ ਕੀ ਸਹਿਣਾ ਪਿਆ। ਉਨ੍ਹਾਂ ਨੇ 34 ਸਾਲਾ ਬਾਲੀਵੁਡ ਸਟਾਰ ਸ਼ੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਰੀਨਾ ਨੂੰ ਭਾਈ-ਭਤੀਜਾਵਾਦ ਦੇ ਮੁੱਦੇ ‘ਤੇ ਘੜੀਸਿਆ।
ਸਿੰਘ ਲਿਖਦੇ ਹਨ, “ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਰੀਨਾ ਨੂੰ ਬਹੁਤ ਜ਼ਿਆਦਾ ਨਫ਼ਰਤ ਝੱਲਣੀ ਪਈ ਹੈ। ਉਸ ਨੂੰ ਇੱਕ ਮੁਸਲਿਮ ਆਦਮੀ ਨਾਲ ਵਿਆਹ ਕਰਨ ਅਤੇ ਖਾਨ ਨੂੰ ਆਪਣਾ ਆਖਰੀ ਨਾਮ ਅਪਣਾਉਣ ਲਈ, ਅਤੇ ਉਸਨੇ ਇੱਕ ਵਿਵਾਦਪੂਰਨ ਮੁਸਲਿਮ ਇਤਿਹਾਸਕ ਸ਼ਖਸੀਅਤ ਦੇ ਨਾਮ ‘ਤੇ ਆਪਣੇ ਬੇਟੇ ਦਾ ਨਾਮ ਰੱਖਣ ਅਤੇ 2018 ਵਿੱਚ ਹਿੰਦੂ ਕੱਟੜਪੰਥੀਆਂ ਦੁਆਰਾ ਬਲਾਤਕਾਰ ਅਤੇ ਕਤਲ ਕੀਤੀ ਗਈ ਇੱਕ ਮੁਸਲਿਮ ਲੜਕੀ ਲਈ ਖੜ੍ਹੇ ਹੋਣ ਕਾਰਣ ਟ੍ਰੋਲ ਦਾ ਸਾਹਮਣਾ ਕਰਨਾ ਪਿਆ। “

ਕਰੀਨਾ ਕਪੂਰ ਖਾਨ ਨੇ 2018 ਵਿੱਚ ਇੱਕ ਅੱਠ ਸਾਲ ਦੀ ਮੁਸਲਿਮ ਬੱਚੀ ਨਾਲ ਹਿੰਦੂ ਕੱਟੜਪੰਥੀਆਂ ਦੁਆਰਾ ਬਲਾਤਕਾਰ ਕੀਤੇ ਜਾਣ ਤੋਂ ਬਾਅਦ ਆਪਣੀ ਇਹ ਤਸਵੀਰ ਟਵੀਟ ਕੀਤੀ ਸੀ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਵਿੱਚ ਸਿਆਸਤ ਦਾ ਬੋਲਬਾਲਾ
ਸਿੰਘ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਇਹ ਸਾਰਾ ਸਿਆਸੀ ਮਾਹੌਲ ਕਿਵੇਂ ਭਾਜਪਾ ਦੀਆਂ ਨੀਤੀਆਂ ਨਾਲ ਜੁੜਿਆ ਹੋਇਆ ਹੈ। ਉਹ ਇਹ ਵੀ ਡਾਕੂਮੈਂਟ ਕਰਦੇ ਹਨ ਕਿ ਕਿਵੇਂ ਇਸ ਮਾਹੌਲ ਨੇ ਕਈ ਬਾਲੀਵੁੱਡ ਫਿਲਮਾਂ ‘ਤੇ ਪ੍ਰਭਾਵ ਪਾਇਆ ਹੈ, ਖਾਸ ਤੌਰ ‘ਤੇ ਹਾਲ ਹੀ ਦੇ ਸਾਲਾਂ ਵਿੱਚ ਬਣੀਆਂ ਫ਼ਿਲਮਾਂ ਉੱਪਰ।
ਕਿਤਾਬ ਵਿਚ ਸਾਰੀ ਪ੍ਰਸੰਸਾ ਹੀ ਨਹੀਂ ਹੈ। ਇੱਕ ਅਧਿਆਇ, “ਬੇਬੋ ਅੰਡਰ ਐਗਜ਼ਾਮੀਨੇਸ਼ਨ” ਵਿੱਚ, ਸਿੰਘ ਉਸ ਨੂੰ ਭਾਰਤ ਵਿੱਚ ਮੁਸਲਮਾਨਾਂ ਉੱਪਰ ਵਿਆਪਕ ਅਤਿਆਚਾਰ ਦੇ ਵਿਰੁੱਧ ਵਧੇਰੇ ਜ਼ੋਰਦਾਰ ਢੰਗ ਨਾਲ ਨਾ ਬੋਲਣ ਲਈ ਜ਼ਿੰਮੇਵਾਰ ਠਹਿਰਾਉਂਦਾ ਹੈ।
ਲੇਖਕ ਉਸ ਨੂੰ “ਰੰਗਵਾਦ” ਦੀ ਨਿੰਦਾ ਕਰਦੇ ਵੀ ਦੇਖਣਾ ਚਾਹੇਗਾ। ਵਰਤਮਾਨ ਵਿੱਚ, ਕਾਸਮੈਟਿਕ ਉਤਪਾਦ, ਜਿਨ੍ਹਾਂ ਵਿੱਚ ਕੁਝ ਜ਼ਹਿਰੀਲੇ ਹਨ, ਨੂੰ ਪੱਕੇ ਰੰਗ ਦੀ ਚਮੜੀ ਵਾਲੇ ਭਾਰਤੀਆਂ ਨੂੰ ਵੇਚਿਆ ਜਾ ਰਿਹਾ ਹੈ ਜੋ ਆਪਣੇ ਰੰਗ ਨੂੰ ਨਿਖ਼ਾਰਨਾਂ ਚਾਹੁੰਦੇ ਹਨ। ਸਿੰਘ ਚਾਹੁੰਦੇ ਹਨ ਕਿ ਕਪੂਰ ਖਾਨ ਇਸਦੇ ਵਿਰੋਧ ‘ਚ ਆਪਣੀ ਆਵਾਜ਼ ਉਠਾਉਣ।
ਫਿਰ ਵੀ ਲੇਖਕ ਸਪੱਸ਼ਟ ਤੌਰ ‘ਤੇ ਲਿਖਦਾ ਹੈ ਕਿ ਜਿਨ੍ਹਾਂ ਆਦਰਸ਼ਾਂ ਦੇ ਅਧਾਰ ‘ਤੇ ਭਾਰਤ ਦੇ ਸੁਤੰਤਰ ਰਾਸ਼ਟਰ ਦੀ ਸਥਾਪਨਾ ਕੀਤੀ ਗਈ ਸੀ, ਉਨ੍ਹਾਂ ਆਦਰਸ਼ਾਂ ਦੀ ਨੁਮਾਇੰਦਗੀ ਕਰਨ ਵਿਚ ਉਹ ਆਮੀਰ ਖਾਨ ਤੋਂ ਬਿਨ੍ਹਾਂ, ਬਾਕੀ ਲਗਭਗ ਆਪਣੇ ਸਾਰੇ ਸਾਥੀਆਂ ਨਾਲੋਂ ਅੱਗੇ ਚਲੀ ਗਈ ਹੈ।
ਬਾਲੀਵੁੱਡ ਫਿਲਮਾਂ ਦੇ ਪ੍ਰੇਮੀ ਕਪੂਰ ਖਾਨ ਦੇ ਪ੍ਰਭਾਵਸ਼ਾਲੀ ਫ਼ਿਲਮ ਕੈਰੀਅਰ ਬਾਰੇ ਸਿੰਘ ਦੀ ਵਿਸਤ੍ਰਿਤ ਜਾਂਚ ਤੋਂ ਖੁਸ਼ ਹੋ ਸਕਦੇ ਹਨ। ਅਤੇ ਜਿਹੜੇ ਲੋਕ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਦਿਸ਼ਾ ਨਿਰਦੇਸ਼ਾਂ ਤੋਂ ਡਰੇ ਹੋਏ ਹਨ, ਉਹ ਭਾਰਤੀ ਰਾਜਨੀਤੀ ਵਿੱਚ ਸਿੰਘ ਦੀ ਡੂੰਘੀ ਸੂਝ ਤੋਂ ਬਹੁਤ ਜ਼ਿਆਦਾ ਸਮਝ ਪ੍ਰਾਪਤ ਕਰ ਸਕਦੇ ਹਨ।
ਸਿੰਘ ਆਪਣੇ ਸਮਾਪਤੀ ਪੈਰਾਗ੍ਰਾਫ਼ ਵਿੱਚ ਲਿਖਦਾ ਹੈ, “ਸਾਨੂੰ ਉਸ ਦੀ ਕਹਾਣੀ ਨੂੰ ਮੌਜੂਦਾ ਸਥਿਤੀ ਦੇ ਵਿਆਪਕ ਸੰਦਰਭ ਵਿੱਚ ਪੇਸ਼ ਕਰਨ ਦੀ ਲੋੜ ਹੈ, ਜਿਸ ਵਿੱਚ ਅਸੀਂ ਹਾਂ,” “ਇਹ ਸਿਰਫ ਉਸਦੀ ਕਹਾਣੀ ਨਹੀਂ ਹੈ, ਬਲਕਿ ਸਾਡੇ ਸਾਰਿਆਂ ਦੀ ਕਹਾਣੀ ਵੀ ਹੈ। ਨਸਲੀ ਅਤੇ ਧਾਰਮਿਕ ਰਾਸ਼ਟਰਵਾਦ ਦੁਆਰਾ ਜ਼ਹਿਰੀਲੇ ਵਾਤਾਵਰਣ ਵਿੱਚ ਰਹਿਣ ਦੇ ਨਵੇਂ ਆਦਰਸ਼ ਨੂੰ ਸਵੀਕਾਰ ਕਰਨ ਲਈ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ।”
ਫਿਰ ਉਹ ਪਾਠਕਾਂ ਨੂੰ “ਮੋਦੀ-ਟਰੰਪ ਸਮਰਥਕਾਂ” ਦੇ ਬਿਰਤਾਂਤ ਨੂੰ ਨਾ ਸਵੀਕਾਰ ਕਰਨ ਦੀ ਅਪੀਲ ਕਰਦਾ ਹੈ।
“ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਅੱਖਾਂ ਖੋਲ੍ਹੀਏ ਅਤੇ ਇੱਕ ਵੱਖਰੀ ਕਰੀਨਾ ਨੂੰ ਦੇਖਣ ਦੀ ਕੋਸ਼ਿਸ਼ ਕਰੀਏ, ਜੋ ਕਿ ਬੋਲਡ ਅਤੇ ਖੂਬਸੂਰਤ ਹੈ।”