ਚਾਰਲੀ ਸਮਿੱਥ-
ਈਸਟ ਵੈਨਕੂਵਰ ਦਾ ਵਾਸੀ ਕਲਾਕਾਰ ਜੋਖ਼ਮ ਲੈਣਾ ਪਸੰਦ ਕਰਦਾ ਹੈ। ਬਹੁਤੇ ਚਿੱਤਰਕਾਰ ਰੰਗਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ ਪਰ ਜੈਸੀ ਚਿੱਟੇ-ਕਾਲੇ ਚਿੱਤਰ ਬਣਾਉਣ ਨੂੰ ਤਰਜੀਹ ਦਿੰਦਾ ਹੈ ਤੇ ਕਦੇ ਕਦੇ ਅਪਣੀਆਂ ਕ੍ਰਿਤਾਂ ਨੂੰ ਉਭਾਰਨ ਲਈ ਸੁਨਿਹਰੀ ਜਾਂ ਲਾਲ ਰੰਗ ਨੂੰ ਐਕਸੈਂਟ ਵਜੋਂ ਵਰਤਦਾ ਹੈ।
“ਮੇਰਾ ਪਹਿਰਾਵਾ ਵੀ ਇਸ ਤਰ੍ਹਾਂ ਦਾ ਹੀ ਹੁੰਦਾ ਹੈ,” ਸੋਹਪਾਲ ਨੇ ਜ਼ੂਮ ਰਾਹੀਂ ਪੈਨਕੂਵਰ ਨੂੰ ਦੱਸਿਆ। “ਮੈਂ ਕਾਲੀ ਟੀ-ਸ਼ਰਟ ਨਾਲ ਸੋਨੇ ਦੀ ਚੇਨ ਪਾਉਂਦਾ ਹਾਂ।”
ਉਹ ਆਪਣੀਆਂ ਕ੍ਰਿਤਾਂ ਵਿਚ ਪੰਜਾਬੀ ਲਿਪੀ ਵਰਤਣੀ ਪਸੰਦ ਕਰਦਾ ਹੈ। ਉਹ ਪੰਜਾਬੀ ਪਰਵਾਸੀ ਦਾ ਪੁੱਤਰ ਹੈ ਤੇ ਉਸਦਾ ਪੰਜਾਬੀ ਮਾਰਕੀਟ ਕੁਲੈਕਟਿਵ ਦਾ ਕਰੀਏਟਿਵ ਡਾਇਰੈਕਟਰ ਹੋਣਾ ਉਸਦੇ ਪਿਛੋਕੜ ਦੀ ਤਰਜ਼ਮਾਨੀ ਕਰਦਾ ਹੈ।
ਉਪਰੋਕਤ ਵੇਰਵਿਆਂ ਨੂੰ ਸੋਹਪਾਲ ਦੀ ਲੂਨਰਫੈਸਟ ਵੈਨਕੂਵਰ ਲਈ ਖ਼ਰਗੋਸ਼ ਦੇ ਸਾਲ ਦੀ ਸ਼ੁਰੂਆਤ ਲਈ ਬਣਾਈ ਕਲਾ ਕ੍ਰਿਤ ਵਿੱਚੋਂ ਦੇਖਿਆ ਜਾ ਸਕਦਾ ਹੈ। ਇਸ ਚਿੱਤਰ ਵਿੱਚ ਦੋ ਮੁਟਿਆਰਾਂ ਨੂੰ ਚਮਕਦੇ ਸੂਰਜ ਹੇਠ ਪੰਜਾਬੀ ਨਾਚ ਕਿੱਕਲੀ ਕਰਦੇ ਦਿਖਾਇਆ ਗਿਆ ਹੈ।
ਲੂਨਰ ਨਵਾਂ ਸਾਲ ਹੋਣ ਕਰਕੇ ਸੋਹਪਾਲ ਦਾ ਉਦੇਸ਼ ਤਿਉਹਾਰ, ਆਸ਼ਾਵਾਦੀ ਅਤੇ ਤਾਜ਼ਾ ਦ੍ਰਿਸਟੀਕੋਣ ਅਪਣਾਉਣਾ ਸੀ।
ਕਲਾਕਾਰ ਦਿਖਾਉਂਦਾ ਹੈ ਕਿ ਕਿੱਕਲੀ ਨਾਚ ਵਿਚ ਦੋ ਔਰਤਾਂ ਰਵਾਇਤੀ ਕੱਪੜਿਆਂ ਵਿਚ ਇੱਕ-ਦੂਜੀ ਦੇ ਹੱਥ ਫੜ ਕੇ ਤੇਜ਼ੀ ਨਾਲ ਘੁੰਮਦੀਆਂ ਹਨ। ਚਿੱਤਰ ਦੇ ਦ੍ਰਿਸ਼ਟਾਂਤ ਵਿੱਚ ਖੇਤੀ ਪ੍ਰਧਾਨ ਪੰਜਾਬ ਦੀ ਭਾਵਨਾ ਨੂੰ ਫੜਣ ਲਈ ਸੁਨਿਹਰੀ ਮਾਹੌਲ ਪੇਸ਼ ਕੀਤਾ ਗਿਆ ਹੈ।
ਇਸ ਬਾਰੇ ਸੋਹਪਾਲ ਕਹਿੰਦਾ ਹੈ ,”ਮੈਂ ਸੋਚਿਆ ਕਿ ਜਵਾਨੀ ਦੀ ਊਰਜਾ ਦਿਖਾਉਣ ਦਾ ਇਹ ਢੁੱਕਵਾਂ ਤਰੀਕਾ ਸੀ।”

ਉਸਨੇ ਵੱਧ ਤੋਂ ਵੱਧ ਲਚਕਤਾ ਲਈ ਇਸ ਚਿੱਤਰ ਨੂੰ ਡਿਜ਼ੀਟਲ ਰੂਪ ਵਿੱਚ ਬਣਾਇਆ।
“ਜਦੋਂ ਤਿਓਹਾਰ ਸ਼ੁਰੂ ਹੋ ਜਾਂਦਾ ਹੈ ਅਤੇ ਲੈਂਟਰਨ ਉੱਪਰ ਉੱਠ ਜਾਂਦੀ ਹੈ, ਮੈਂ ਇਸਦਾ ਪ੍ਰਿੰਟ ਵੀ ਬਣਾਵਾਂਗਾ।” ਉਹ ਅੱਗੇ ਦੱਸਦਾ ਹੈ, “ਇਹ ਖ੍ਰੀਦਣ ਲਈ ਵੀ ਉਪਲਬਧ ਹੋਵੇਗਾ।”
ਜਨਵਰੀ 20 ਤੋਂ ਫਰਵਰੀ 20 ਤੱਕ, ਏਸ਼ੀਅਨ -ਕੈਨੇਡੀਅਨ ਸਪੈਸ਼ਲ ਇਵੈਂਟਸ ਐਸੋਸੀਏਸ਼ਨ ਦੁਆਰਾ ਓਸ਼ੀਐਨ ਆਰਟਵਰਕਸ ਦੌਰਾਨ ਗ੍ਰੈਨਵਿਲ ਆਈਲੈਂਡ ਦੀ ਆਊਟਡੋਰ ਪੈਵੇਲੀਅਨ ਵਿਚ ਸੋਹਪਾਲ ਦੇ ਡਿਜ਼ਾਈਨ ਨੂੰ ਵੱਡੀ ਲੈਂਟਰਨ ਉੱਪਰ ਦਿਖਾਇਆ ਜਾਵੇਗਾ। ਇਹ ਡਿਜ਼ਾਈਨ ਦੋ ਮੂਲ ਵਾਸੀ ਕਲਾਕਾਰਾਂ, ਰਿਚਰਡ ਹੰਟ ਤੇ ਰੇਚਿਲ ਸਮਿੱਥ ਅਤੇ ਆਰਟਸ ਅੰਬਰੇਲਾ ਦੇ ਵਿਦਿਆਰਥੀਆਂ ਦੇ ਲੈਂਟਰਨ ਡੀਜ਼ਾਈਨਾ ਦੇ ਨਾਲ ਨਾਲ ਸਸ਼ੋਭਿਤ ਹੋਵੇਗਾ।

ਸੋਹਪਾਲ ਦੇ ਕੰਧ ਚਿੱਤਰ ਹੀਰੇ ‘ਤੇ ਕੇਂਦ੍ਰਿਤ ਹਨ
ਇਹ ਤਿੰਨ “ਲੈਂਟਰਨ ਸਿਟੀ” ਪ੍ਰਦਰਸ਼ਨੀਆਂ ਵਿੱਚੋਂ ਇੱਕ ਹੈ—ਹੋਰ ਦੋ ਜੈਕ ਪੂਲ ਪਲਾਜ਼ਾ ਅਤੇ ਵੈਨਕੂਵਰ ਆਰਟ ਗੈਲਰੀ ਦੇ ਉੱਤਰ ਵਾਲੇ ਪਾਸੇ šxʷƛ̓ənəq Xwtl’e7énḵ Square ਵਿਖੇ ਹਨ।
ਸੋਹਪਾਲ ਦੇ ਸਭ ਤੋਂ ਮਸ਼ਹੂਰ ਕੰਧ ਚਿੱਤਰਾਂ ਵਿੱਚੋਂ ਵੈਨਕੂਵਰ ਦੀ ਪੰਜਾਬੀ ਮਾਰਕੀਟ ਵਾਲਾ Kohinoor, where are you? ਹੈ। ਇਹ ਚਿੱਟਾ ਕਾਲਾ ਚਿੱਤਰ ਉਸਨੇ ਮੌਨਸੂਨ ਫੈਸਟੀਵਲ ਆਫ਼ ਪਰਫ਼ਾਰਮਿੰਗ ਆਰਟਸ ਦੇ ਹਿੱਸੇ ਵਜੋਂ 6560 ਮੇਨ ਸਟ੍ਰੀਟ ਦੇ ਪਿੱਛੇ ਵਾਲੀ ਲੇਨ ਵਿੱਚ ਪੇਂਟ ਕੀਤਾ ਸੀ।
ਹੇਠਾਂ ਦਿੱਤੀ ਵੀਡੀਓ ਵਿੱਚ, ਸੋਹਪਾਲ ਨੇ ਇਸ ਚਿੱਤਰ ਦਾ ਵਰਣਨ ਵਿਸ਼ਾਲ ਕੋਹਿਨੂਰ ਹੀਰੇ ਦੀ ਮਹਿਮਾਂ ਵਜੋਂ ਕੀਤਾ ਹੈ, ਜੋ ਭਾਰਤ ਵਿੱਚ ਖੋਜਿਆ ਗਿਆ ਸੀ ਅਤੇ ਹੁਣ ਬਰਤਾਨਵੀ ਤਾਜ ਦੇ ਗਹਿਣਿਆਂ ਦਾ ਹਿੱਸਾ ਹੈ।
“ਇਕ ਸਮੇਂ ਇਹ ਮੁਗਲਾਂ ਕੋਲ ਸੀ,” ਉਹ ਕਹਿੰਦਾ ਹੈ। “ਸਿੱਖ ਸਾਮਰਾਜ ਨੂੰ ਇਹ ਰਣਜੀਤ ਸਿੰਘ ਰਾਹੀਂ ਪ੍ਰਾਪਤ ਹੋਇਆ। ਫਿਰ ਦਲੀਪ ਸਿੰਘ ਰਾਹੀਂ ਇਹ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਗਿਆ।”
ਸਿੱਖ ਸਾਮਰਾਜ ਦੇ ਵਾਰਸ ਦਲੀਪ ਸਿੰਘ ਦੀ ਉਮਰ ਉਸ ਵੇਲੇ 10 ਸਾਲ ਸੀ, ਜਦੋਂ ਬਰਤਾਨਵੀ ਸਾਮਰਾਜ ਦੇ ਕੰਟਰੋਲ ਵਾਲੀ ਈਸਟ ਇੰਡੀਆ ਕੰਪਨੀ ਨੇ ਉਸ ਨੂੰ 1849 ਦੀ ਲਾਹੌਰ ਸੰਧੀ ਦੇ ਹਿੱਸੇ ਵਜੋਂ ਹੀਰਾ ਉਨ੍ਹਾਂ ਦੇ ਸਪੁਰਦ ਕਰਨ ਲਈ ਮਜਬੂਰ ਕੀਤਾ ਸੀ।
“ਸਾਰੇ ਭਾਰਤੀ ਜਾਣਦੇ ਹਨ ਕਿ ਇਹ ਇੱਕ ਤਰ੍ਹਾਂ ਦੀ ਚੋਰੀ ਸੀ,” ਸੋਹਪਾਲ ਕਹਿੰਦਾ ਹੈ।
ਵੀਡੀਓ: ਜੈਸੀ ਸੋਹਪਾਲ ਨੇ ਪੰਜਾਬੀ ਮਾਰਕੀਟ ਵਿੱਚ ਆਪਣੇ ਚਿੱਤਰ ਦੀ ਚਰਚਾ ਕੀਤੀ।
ਦਾਦਾ ਜੀ ਦਾ ਜੈਸੀ ‘ਤੇ ਪ੍ਰਭਾਵ
ਕਾਲੇ ਅਤੇ ਚਿੱਟੇ ਚਿੱਤਰਾਂ ਲਈ ਕਲਾਕਾਰ ਦੀ ਤਰਜੀਹ ਦੇ ਪਿੱਛੇ ਇੱਕ ਡੂੰਘੀ ਕਹਾਣੀ ਵੀ ਹੈ। ਸੋਹਪਾਲ ਨੇ ਆਪਣੇ ਦਾਦਾ ਜੀ ਤੋਂ ਭਾਰਤੀ ਇਤਿਹਾਸ ਬਾਰੇ ਬਹੁਤ ਕੁਝ ਜਾਣਿਆਂ।
ਜਾਤ-ਪਾਤ ਦੇ ਹੇਠਲੇ ਹਿੱਸੇ ਜਾਂ ਫਿਰਕੂ ਹਿੰਸਾ ਦਾ ਸ਼ਿਕਾਰ ਹੋਏ ਕਰੋੜਾਂ ਲੋਕਾਂ ਲਈ, ਇਹ ਇਤਿਹਾਸ ਆਨੰਦਦਾਇਕ ਨਹੀਂ ਰਿਹਾ। ਅਤੇ ਸੋਹਪਾਲ ਦੇ ਦਿਮਾਗ ਵਿੱਚ, ਇਹ ਰੰਗਾਂ ਦੇ ਇੱਕ ਸ਼ਾਨਦਾਰ ਕੈਲੀਡੋਸਕੋਪ ਦੇ ਲਾਇਕ ਨਹੀਂ ਹੈ, ਭਾਵੇਂ ਕਿ ਭਾਰਤ ਨੂੰ ਅਕਸਰ ਕਲਾ ਵਿੱਚ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।
ਸੋਹਪਾਲ ਕਹਿੰਦਾ ਹੈ, “ਮੇਰੇ ਖਿਆਲ ਵਿੱਚ ਰੰਗਾਂ ਨੇ ਕਦੇ ਵੀ ਭਾਰਤ ਦੀ ਅਸਲ ਤਰਜ਼ਮਾਨੀ ਨਹੀਂ ਕੀਤੀ। ਇਸ ਲਈ, ਮੈਂ ਹਮੇਸ਼ਾ ਕਾਲੇ ਅਤੇ ਚਿੱਟੇ ਦੀ ਵਰਤੋਂ ਕਰਕੇ ਕਾਲੇ ਅਤੇ ਚਿੱਟੇ ਰੂਪ ਨੂੰ ਦਰਸਾਉਂਦਾ ਹਾਂ।”
ਉਸਦੇ ਦਾਦਾ ਜੀ ਦਾ ਜਨਮ ਪੰਜਾਬ ਦੇ ਉਸ ਹਿੱਸੇ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਨਾਲ ਸਬੰਧਤ ਹੈ। ਉਸਨੇ ਸੋਹਪਾਲ ਨੂੰ ਵੰਡ ਦੀ ਦੁਖਾਂਤ ਬਾਰੇ ਦੱਸਿਆ ਕਿ ਬਰਤਾਨਵੀ ਸਾਮਰਾਜ ਦੁਆਰਾ ਉਪ-ਮਹਾਂਦੀਪ ਨੂੰ ਮੁਸਲਿਮ ਬਹੁਗਿਣਤੀ ਵਾਲੇ ਪਾਕਿਸਤਾਨ ਅਤੇ ਹਿੰਦੂ-ਬਹੁਗਿਣਤੀ ਭਾਰਤ ਵਿੱਚ ਵੰਡਣ ਵੇਲੇ ਇੱਕ ਮਿਲੀਅਨ ਤੋਂ ਵੱਧ ਲੋਕ ਮਾਰੇ ਗਏ ਸਨ।
ਵੰਡ ਤੋਂ ਬਾਅਦ ਉਸਦੇ ਦਾਦਾ ਜੀ ਦਿੱਲੀ ਚਲੇ ਗਏ, ਜਿੱਥੇ 1984 ਵਿੱਚ ਇਕ ਹੋਰ ਭਿਆਨਕ ਕਾਂਡ ਵਾਪਰਿਆ। ਉਸ ਸਮੇਂ, ਸੱਤਾਧਾਰੀ ਪਾਰਟੀ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਲਈ ਬਹੁਗਿਣਤੀ ਵਾਲੇ ਭਾਈਚਾਰੇ ਦੀ ਭੀੜ ਨੂੰ ਉਤਸ਼ਾਹਿਤ ਕੀਤਾ।
ਸੋਹਪਾਲ ਅੱਗੇ ਕਹਿੰਦਾ ਹੈ, “ਅਸੀਂ ਹਮੇਸ਼ਾ ਭਾਰਤੀ ਇਤਿਹਾਸ ਵਿਚ ਹੋਏ ਅੱਤਿਆਚਾਰਾਂ ਤੋਂ ਜਾਣੂੰ ਸੀ। ਇਸ ਲਈ, ਜਦੋਂ ਮੈਂ ਬਹੁਤ ਸਾਰੇ ਰੰਗਾਂ ਦੀ ਵਰਤੋਂ ਕਰਦਾ ਹਾਂ, ਤਾਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਉਹ ਜਸ਼ਨ ਮਨਾ ਰਿਹਾ ਹਾਂ ਜੋ ਮੈਨੂੰ ਨਹੀਂ ਮਨਾਉਣਾ ਚਾਹੀਦਾ।”

ਅੰਬੇਦਕਰ ਬਨਾਮ ਗਾਂਧੀ
ਸੋਹਪਾਲ ਦਾ ਪਰਿਵਾਰ ਸਿੱਖ ਹੈ, ਪਰ ਉਹ ਦੱਸਦਾ ਹੈ ਕਿ ਉਸਦੇ ਪਰਿਵਾਰ ਦਾ ਪਿਛੋਕੜ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ਦਲਿਤ, ਜਿਨ੍ਹਾਂ ਨੂੰ ਅਕਸਰ “ਅਛੂਤ” ਕਿਹਾ ਜਾਂਦਾ ਹੈ, ਹਿੰਦੂ ਧਰਮ ਦੀ ਸਭ ਤੋਂ ਨੀਵੀਂ ਜਾਤ ਹੈ ਅਤੇ ਸਦੀਆਂ ਤੋਂ ਉੱਚੀਆਂ ਜਾਤਾਂ ਦੁਆਰਾ ਉਨ੍ਹਾਂ ਨਾਲ ਘਿਣਾਉਣਾ ਸਲੂਕ ਕੀਤਾ ਗਿਆ ਹੈ।
ਭਾਵੇਂ ਉਨ੍ਹਾਂ ਦੇ ਦਾਦਾ ਜੀ ਨੇ ਭਾਰਤ ਬਾਰੇ ਬਹੁਤ ਸਾਰੀਆਂ ਸਕਾਰਾਤਮਕ ਕਹਾਣੀਆਂ ਵੀ ਉਸ ਨੂੰ ਦੱਸੀਆਂ ਪਰ ਨਾਲ ਦੀ ਨਾਲ ਉਨ੍ਹਾਂ ਨੇ ਇਨ੍ਹਾਂ ਕਾਲੇ ਬੱਦਲਾਂ ਬਾਰੇ ਵੀ ਚਰਚਾ ਕੀਤੀ ਜੋ ਦੇਸ਼ ਉੱਤੇ ਮੰਡਰਾਉਂਦੇ ਰਹਿੰਦੇ ਹਨ।
ਇਸ ਤੋਂ ਇਲਾਵਾ, ਉਸਦੇ ਦਾਦਾ ਜੀ ਨੇ ਉਸਨੂੰ ਦਲਿਤਾਂ ਦੇ ਮਹਾਨ ਨੇਤਾ ਡਾ. ਭੀਮ ਰਾਓ ਰਾਮਜੀ ਅੰਬੇਦਕਰ ਬਾਰੇ ਸਿੱਖਿਆ ਦਿੱਤੀ, ਜਿਸ ਨੇ ਭਾਰਤ ਦਾ ਸੰਵਿਧਾਨ ਲਿਖਿਆ ਸੀ। ਸੋਹਪਾਲ ਕੋਲ ਅੰਬੇਦਕਰ ਦੇ 1936 ਦੇ ਇਤਿਹਾਸਕ ਲੇਖ, (The Annihilation of Caste) ਜਾਤ ਦਾ ਖਾਤਮਾ ਦੀ ਇੱਕ ਕਾਪੀ ਵੀ ਹੈ।
ਅੰਬੇਦਕਰ ਨੇ ਇਸ ਲੇਖ ਨੂੰ ਲਾਹੌਰ ਵਿੱਚ ਉਦਾਰਵਾਦੀ ਸੋਚ ਵਾਲੇ ਹਿੰਦੂਆਂ ਦੇ ਇੱਕ ਇਕੱਠ ਵਿਚ ਭਾਸ਼ਣ ਦੇ ਰੂਪ ਵਿੱਚ ਸਣਾਉਣ ਦੀ ਯੋਜਨਾ ਬਣਾਈ ਸੀ। ਪਰ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਆਪਣੇ ਭਾਸ਼ਣ ਵਿੱਚ ਕੀ ਕਹੇਗਾ।
ਬਾਅਦ ਵਿੱਚ, ਭਾਰਤ ਦੀ ਸੁਤੰਤਰਤਾ ਅੰਦੋਲਨ ਦੇ ਨੇਤਾ, ਮੋਹਨਦਾਸ ਕਰਮਚੰਦ ਗਾਂਧੀ ਨੇ ਅੰਬੇਦਕਰ ਉੱਤੇ ਹਿੰਦੂ ਗ੍ਰੰਥਾਂ ਦੀ ਗਲਤ ਵਿਆਖਿਆ ਕਰਨ ਦਾ ਦੋਸ਼ ਲਗਾਇਆ। ਇਹ ਉਹਨਾਂ ਕਈ ਮੌਕਿਆਂ ਵਿੱਚੋਂ ਇੱਕ ਸੀ, ਜਦੋਂ ਉਹ ਜਾਤ ਪ੍ਰਣਾਲੀ ਨੂੰ ਲੈ ਕੇ ਜਨਤਕ ਤੌਰ ‘ਤੇ ਅਸਹਿਮਤ ਸਨ। (ਇਸਦੀ ਰੂਪ ਰੇਖਾ ਲੇਖਿਕਾ ਅਰੁੰਧਤੀ ਰਾਏ ਦੀ 2014 ਦੇ ਦ ਐਨੀਹਿਲੇਸ਼ਨ ਆਫ਼ ਕਾਸਟ ਦੇ ਐਡੀਸ਼ਨ ਵਿੱਚ ਦਿੱਤੀ ਗਈ ਸੀ।)
ਅੱਜ, ਪੱਛਮੀ ਸੰਸਾਰ ਗਾਂਧੀ ਦਾ ਸਤਿਕਾਰ ਕਰਦਾ ਹੈ ਜਦੋਂ ਕਿ ਬਰਾਬਰਤਾ ਲਈ ਸੰਘਰਸ਼ ਵਿੱਚ ਅੰਬੇਦਕਰ ਦੇ ਯੋਗਦਾਨ ਦਾ ਭਾਰਤ ਤੋਂ ਬਾਹਰ ਬਹੁਤਾ ਜ਼ਿਕਰ ਨਹੀਂ ਹੁੰਦਾ।
ਸੋਹਪਾਲ ਕਹਿੰਦਾ ਹੈ, “ਮੇਰੇ ਖਿਆਲ ਵਿੱਚ ਭਾਰਤ ਵਿੱਚ ਬਿਰਤਾਂਤ ਅਸਲ ਵਿੱਚ ਉੱਚ ਜਾਤੀਆਂ ਦੁਆਰਾ ਚਲਾਇਆ ਜਾਂਦਾ ਹੈ। ਅਤੇ ਮੈਨੂੰ ਲਗਦਾ ਹੈ ਕਿ ਉਹ ਅੰਬੇਦਕਰ ਨਾਲੋਂ ਗਾਂਧੀ ਲਈ ਬਹੁਤ ਜ਼ਿਆਦਾ ਜ਼ੋਰ ਪਾਉਣਗੇ, ਭਾਵੇਂ ਉਹ ਇਸ ‘ਤੇ ਵਿਸ਼ਵਾਸ ਨਾ ਵੀ ਕਰਦੇ ਹੋਣ।”

ਡੂ ਨਾਟ ਟਚ ਬ੍ਰਾਂਡ ਬਣਾਉਣਾ
ਸੋਹਪਾਲ ਦੱਸਦਾ ਹੈ ਕਿ ਭਾਰਤੀ ਪ੍ਰਵਾਸੀਆਂ ਵਿੱਚੋਂ ਕੁਝ ਲੋਕ ਗੈਰ-ਭਾਰਤੀ ਲੋਕਾਂ ਨੂੰ ਦੱਸਣਗੇ ਕਿ ਜਾਤ ਪ੍ਰਣਾਲੀ ਹੁਣ ਮੌਜੂਦ ਨਹੀਂ ਹੈ। ਪਰ ਉਹ ਦਲੀਲ ਦਿੰਦਾ ਹੈ ਕਿ ਪਰਵਾਸ ਕਰਨ ਵਾਲੇ ਬਹੁਤ ਸਾਰੇ ਲੋਕਾਂ ਕੋਲ ਭਾਰਤ ਛੱਡਣ ਦੇ ਸੁਭਾਗ ਅਤੇ ਵਸੀਲੇ ਸਨ।
ਇਸ ਲਈ, ਉਹ ਮੰਨਦਾ ਹੈ ਕਿ ਉਹ ਲੋਕ ਜਿਹੜੇ ਜਾਤ ਪ੍ਰਣਾਲੀ ਖਤਮ ਹੋਣ ਦੀਆਂ ਗੱਲਾਂ ਕਰਦੇ ਹਨ, ਉਹ ਪੂਰੀ ਤਰ੍ਹਾਂ ਜਾਣੂੰ ਨਹੀਂ ਹਨ ਕਿ ਜਾਤ ਪ੍ਰਣਾਲੀ ਦੇ ਸਭ ਤੋਂ ਹੇਠਲੇ ਹਿੱਸੇ ਵਾਲੇ ਦਲਿਤ ਲੋਕ ਕਿਵੇਂ ਮਹਿਸੂਸ ਕਰਦੇ ਹਨ।
ਇਸ ਦੇ ਜਵਾਬ ਵਿਚ ਉਹ ਆਪਣੀ ਕਲਾ ਰਾਹੀਂ ਸੂਖਮਤਾ ਅਤੇ ਵਿਅੰਗਮਈ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕਰਦਾ ਹੈ। ਉਦਾਹਰਨ ਲਈ, ਉਸਨੇ ਇੱਕ ਬ੍ਰਾਂਡ ਬਣਾਇਆ, ਡੂ ਨਾਟ ਟੱਚ।
ਸੋਹਪਾਲ ਕਹਿੰਦਾ ਹੈ, “ਇਹ ਇਕ ਤਰ੍ਹਾਂ ਦਾ ‘ਅਛੂਤਾਂ’ ਬਾਰੇ ਇੱਕ ਨਾਟਕ ਹੈ।
ਅਸਲ ਵਿੱਚ, ਉਹ ਕਲਾ ਦੇ ਮਾਧਿਅਮ ਰਾਹੀਂ ਮਾਨਤਾ ਦੇ ਸਭ ਤੋਂ ਹੇਠਲੇ ਤੋਂ ਉੱਪਰਲੇ ਰੂਪ ਦਾ ਪੁਨਰ-ਬ੍ਰਾਂਡ ਕਰ ਰਿਹਾ ਹੈ।
ਇਹ ਬਰਾਬਰੀ ਪ੍ਰਤੀ ਉਸਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਨੂੰ ਸਿੱਖੀ ਦੇ ਬਾਨੀ, ਗੁਰੂ ਨਾਨਕ ਦੇਵ ਜੀ ਨੇ 500 ਸਾਲ ਤੋਂ ਵੱਧ ਸਮਾਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਸੀ।
ਸੋਹਪਾਲ ਕਹਿੰਦਾ ਹੈ, “ਮੈਂ ਕਹਾਂਗਾ ਕਿ ਮੈਂ ਬਾਕੀ ਸਾਰੇ ਗੁਰੂਆਂ ਨਾਲੋਂ ਗੁਰੂ ਨਾਨਕ ਦੇਵ ਜੀ ਦੀਆਂ ਲਿਖਤਾਂ ਨੂੰ ਜ਼ਿਆਦਾ ਪੜ੍ਹਿਆ ਹੈ। “ਉਹ ਬਹੁਤ ਕਾਵਿਕ ਅਤੇ ਵਿਚਾਰਾਂ ਨੂੰ ਹਲੂਣਨ ਵਾਲੇ ਸਨ।”

ਅੰਤਰ-ਸਭਿਆਚਾਰਾਂ ਨਾਲ ਸਬੰਧ
2015 ਵਿੱਚ, ਸੋਹਪਾਲ ਨੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਡਿਜ਼ਾਈਨ ਅਤੇ ਮੀਡੀਆ ਆਰਟਸ ਵਿੱਚ ਆਨਰਜ਼ ਨਾਲ ਗ੍ਰੈਜੂਏਸ਼ਨ ਕੀਤੀ। ਉਸਦੀ ਸਿੱਖਿਆ ਵਿੱਚ ਇੱਕ ਡੱਚ ਡਿਜ਼ਾਈਨ ਫੀਲਡ ਸਕੂਲ ਵਿੱਚ ਨੀਦਰਲੈਂਡਜ਼ ਵਿੱਚ ਛੇ ਮਹੀਨੇ ਦਾ ਕਾਰਜਕਾਲ ਸ਼ਾਮਲ ਹੈ। ਇਸ ਤੋਂ ਬਾਅਦ, ਉਹ ਪੰਜ ਸਾਲਾਂ ਲਈ ਸੈਨ ਫਰਾਂਸਿਸਕੋ ਚਲਿਆ ਗਿਆ, ਜਿੱਥੇ ਉਸਨੇ UX ਅਤੇ ਐਪ ਡਿਜ਼ਾਈਨ ਵਿੱਚ ਕੰਮ ਕੀਤਾ।
ਇਸ ਸਮੇਂ ਦੌਰਾਨ, ਉਹ ਇੱਕ ਵੱਡੀ ਲਾਤੀਨੀ ਆਬਾਦੀ ਵਾਲੇ ਜ਼ਿਲ੍ਹੇ ਵਿੱਚ ਰਹਿੰਦਾ ਸੀ। ਅਤੇ ਉਸਨੇ ਉਹਨਾਂ ਦੇ ਸੱਭਿਆਚਾਰ ਅਤੇ ਭਾਰਤੀ ਸੱਭਿਆਚਾਰ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨੂੰ ਦੇਖਿਆ।
ਸੋਹਪਾਲ ਯਾਦ ਕਰਦਾ ਹੈ, “ਉਸ ਖੇਤਰ ਵਿੱਚ ਬਹੁਤ ਸਾਰੀ ਸਟ੍ਰੀਟ ਆਰਟ ਅਤੇ ਗ੍ਰੈਫਿਟੀ ਸੀ। ਜਿਸ ਪਲ ਤੁਸੀਂ ਬਾਹਰ ਕਦਮ ਰੱਖਦੇ ਹੋ, ਤੁਸੀਂ ਪ੍ਰੇਰਿਤ ਹੋ ਜਾਂਦੇ ਹੋ। ਉੱਥੇ ਹਮੇਸ਼ਾ ਲੋਕ ਚੀਜ਼ਾਂ ਬਣਾਉਂਦੇ ਸਨ। ਇਹ ਯਕੀਨੀ ਤੌਰ ‘ਤੇ ਮੇਰੇ ‘ਤੇ ਪ੍ਰਭਾਵ ਛੱਡ ਗਿਆ। ”
ਤਿੰਨ ਅਮਰੀਕੀ ਕਲਾਕਾਰਾਂ ਨੇ ਉਸ ‘ਤੇ ਪੱਕਾ ਪ੍ਰਭਾਵ ਛੱਡਿਆ: ਕੰਧ ਚਿੱਤਰਕਾਰ ਅਤੇ ਗ੍ਰਾਫਿਕ ਕਲਾਕਾਰ ਸ਼ੇਪਾਰਡ ਫੈਰੀ, ਚਿੱਤਰਕਾਰ ਕਲੀਓਨ ਪੀਟਰਸਨ, ਅਤੇ ਕਾਮਿਕ ਮਾਸਟਰ ਫਰੈਂਕ ਫਰੇਜ਼ੇਟਾ। ਸੋਹਪਾਲ ਪ੍ਰਸਿੱਧ ਭਾਰਤੀ ਤੇਲ ਚਿੱਤਰਕਾਰ ਸੋਭਾ ਸਿੰਘ ਦੀ ਵੀ ਬਹੁਤ ਪ੍ਰਸ਼ੰਸਾ ਕਰਦਾ ਹੈ।
ਸੋਹਪਾਲ ਕਹਿੰਦਾ ਹੈ, “ਉਸਦਾ ਕੰਮ, ਲਗਭਗ ਸੁਹਜਾਤਮਕ ਤੌਰ ‘ਤੇ, ਫਰੈਂਕ ਫਰੇਜ਼ੇਟਾ ਦੇ ਸਮਾਨ ਹੈ ਜਿਵੇਂ ਕਿ ਉਹ ਸੁਪਨਿਆਂ ਵਰਗੀਆਂ ਥਾਵਾਂ ‘ਤੇ ਪੇਂਟ ਕਰਦੇ ਹਨ,” ਸੋਹਪਾਲ ਕਹਿੰਦਾ ਹੈ।
ਕਲਾ ਵਿੱਚ ਉਸਦੇ ਵਿਭਿੰਨ ਸਵਾਦ – ਲਾਤੀਨੀ ਅਮਰੀਕੀ ਸਭਿਆਚਾਰ ਲਈ ਉਸਦੀ ਪ੍ਰਸ਼ੰਸਾ ਦੇ ਨਾਲ – ਅੰਤਰ-ਸੱਭਿਆਚਾਰਕ ਰੁਝੇਵਿਆਂ ਵਿੱਚ ਸੋਹਪਾਲ ਦੀ ਡੂੰਘੀ ਦਿਲਚਸਪੀ ਨੂੰ ਦਰਸਾਉਂਦੇ ਹਨ। ਉਹ ਦੂਜੇ ਭਾਈਚਾਰਿਆਂ ਨਾਲ ਕੰਮ ਕਰਨਾ ਪਸੰਦ ਕਰਦਾ ਹੈ। ਇਸ ਕਰਕੇ ਹੀ ਤਾਂ ਦੱਖਣ ਏਸ਼ੀਆਈ ਮੂਲ ਦੇ ਵਿਅਕਤੀ ਵਜੋਂ, ਲੂਨਰ ਨਵੇਂ ਸਾਲ ਲਈ ਕਲਾ ਕ੍ਰਿਤ ਬਣਾਉਣਾ ਉਸ ਨੂੰ ਬਹੁਤ ਖੁਸ਼ੀ ਦਿੰਦਾ ਹੈ ਜੋ ਕਿ ਰਵਾਇਤੀ ਤੌਰ ‘ਤੇ ਪੂਰਬੀ ਏਸ਼ੀਆ ਨਾਲ ਜੁੜਿਆ ਹੋਇਆ ਹੈ।
“ਇਹ ਆਦਰਸ਼ ਹੈ,” ਸੋਹਪਾਲ ਕਹਿੰਦਾ ਹੈ। “ਇਹ 2023 ਸਾਲ ਨੂੰ ਸ਼ੁਰੂ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਇਸ ਲਈ ਮੈਂ ਬਹੁਤ ਉਤਸ਼ਾਹਿਤ ਹਾਂ।”

Click here to read the original article.